ਲੰਡਨ, 29 ਅਪ੍ਰੈਲ (ਪੰਜਾਬ ਮੇਲ)- ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਵੱਖ-ਵੱਖ ਓਪੀਨੀਅਨ ਪੋਲਾਂ ਵਿਚ ਲੇਬਰ ਪਾਰਟੀ ਤੋਂ ਪਛੜਦੀ ਨਜ਼ਰ ਆ ਰਹੀ ਹੈ। ਅਜਿਹੇ ਵਿਚ ਚਰਚਾ ਸੀ ਕਿ ਬ੍ਰਿਟੇਨ ਵਿਚ ਜਲਦੀ ਚੋਣਾਂ ਹੋ ਸਕਦੀਆਂ ਹਨ, ਪਰ ਹੁਣ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਜਲਦੀ ਆਮ ਚੋਣਾਂ ਕਰਵਾਉਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ।
ਰਿਸ਼ੀ ਸੁਨਕ ਦੀ ਪਾਰਟੀ ਦੇ ਸੰਸਦ ਮੈਂਬਰ ਡੈਨ ਪੋਲਟਰ, ਜੋ ਕਿ ਡਾਕਟਰ ਹਨ, ਨੇ ਨੈਸ਼ਨਲ ਹੈਲਥ ਸਰਵਿਸਿਜ਼ (ਐੱਨ.ਐੱਸ.ਐੱਸ.) ਦੇ ਮੁੱਦੇ ‘ਤੇ ਕੰਜ਼ਰਵੇਟਿਵ ਪਾਰਟੀ ਛੱਡ ਕੇ ਲੇਬਰ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਬ੍ਰਿਟੇਨ ‘ਚ 2 ਮਈ ਨੂੰ ਸਥਾਨਕ ਅਤੇ ਮੇਅਰ ਦੀਆਂ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਚੋਣਾਂ ਤੋਂ ਠੀਕ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਦੇ ਵਿਰੋਧੀ ਪਾਰਟੀ ‘ਚ ਸ਼ਾਮਲ ਹੋਣ ‘ਤੇ ਸੁਨਕ ਸਰਕਾਰ ਦੀ ਆਲੋਚਨਾ ਹੋ ਰਹੀ ਹੈ। ਹਾਲਾਂਕਿ, ਜਦੋਂ ਸੁਨਕ ਨੂੰ ਪੁੱਛਿਆ ਗਿਆ ਕਿ ਕੀ ਜੁਲਾਈ ਵਿਚ ਆਮ ਚੋਣਾਂ ਹੋ ਸਕਦੀਆਂ ਹਨ? ਇਸ ਲਈ ਉਸ ਨੇ ਸਾਫ਼ ਇਨਕਾਰ ਕਰ ਦਿੱਤਾ।
ਰਿਸ਼ੀ ਸੁਨਕ ਨੇ ਰਾਸ਼ਟਰੀ ਸਿਹਤ ਸੇਵਾਵਾਂ ਵਿਚ ਸੁਧਾਰਾਂ ਦੀ ਗਿਣਤੀ ਕਰਦਿਆਂ ਕਿਹਾ ਕਿ ਹੁਣ ਮਰੀਜ਼ਾਂ ਦੀ ਉਡੀਕ ਦਾ ਸਮਾਂ ਘੱਟ ਗਿਆ ਹੈ। ਸੁਨਕ ਨੇ ਆਪਣੀ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਨੂੰ ਵੀ ਸੂਚੀਬੱਧ ਕਰਦਿਆਂ ਕਿਹਾ ਕਿ ਮਹਿੰਗਾਈ ਘਟੀ ਹੈ, ਦੇਸ਼ ਦਾ ਰੱਖਿਆ ਬਜਟ ਵਧਿਆ ਹੈ ਅਤੇ ਰਿਸ਼ੀ ਸੁਨਕ ਨੇ ਰਵਾਂਡਾ ਬਿੱਲ ਨੂੰ ਵੀ ਆਪਣੀ ਸਰਕਾਰ ਦੀ ਪ੍ਰਾਪਤੀ ਦੱਸਿਆ। ਸੁਨਕ ਨੇ ਵਿਰੋਧੀ ਲੇਬਰ ਪਾਰਟੀ ‘ਤੇ ਰਵਾਂਡਾ ਬਿੱਲ ਨੂੰ ਰੋਕਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਗੈਰ-ਕਾਨੂੰਨੀ ਢੰਗ ਨਾਲ ਬ੍ਰਿਟੇਨ ਆਉਣ ਵਾਲੇ ਪ੍ਰਵਾਸੀ ਰਹਿਣ। ਸੁਨਕ ਨੇ ਕਿਹਾ ਕਿ ਲੇਬਰ ਪਾਰਟੀ ਦੇ ਸੱਤਾ ‘ਚ ਆਉਣ ‘ਤੇ ਟੈਕਸਾਂ ‘ਚ ਵਾਧਾ ਹੋਵੇਗਾ ਅਤੇ ਉਹ ਵੀ ਭਲਾਈ ਪ੍ਰਣਾਲੀ ‘ਚ ਸੁਧਾਰ ਦੇ ਪੱਖ ‘ਚ ਨਹੀਂ ਹੈ, ਜਿਸ ਨਾਲ ਦੇਸ਼ ਦੇ ਕਿਰਤੀ ਲੋਕਾਂ ਨੂੰ ਫ਼ਾਇਦਾ ਹੋਵੇ।
ਹਾਲਾਂਕਿ ਬ੍ਰਿਟਿਸ਼ ਮੀਡੀਆ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਤੂਬਰ/ਨਵੰਬਰ ਵਿਚ ਉੱਥੇ ਆਮ ਚੋਣਾਂ ਹੋ ਸਕਦੀਆਂ ਹਨ। ਬ੍ਰਿਟੇਨ ਦੀ ਮੌਜੂਦਾ ਸੰਸਦ ਦਾ ਕਾਰਜਕਾਲ ਅਗਲੇ ਸਾਲ ਜਨਵਰੀ ਤੱਕ ਹੈ। ਅਜਿਹੇ ‘ਚ ਉਸ ਤੋਂ ਪਹਿਲਾਂ ਬ੍ਰਿਟੇਨ ‘ਚ ਆਮ ਚੋਣਾਂ ਹੋਣੀਆਂ ਹਨ। ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਨਕ ਸਰਕਾਰ ‘ਚ ਬਗਾਵਤ ਦੀ ਸੰਭਾਵਨਾ ਦੇ ਮੱਦੇਨਜ਼ਰ ਛੇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।