#CANADA

ਬ੍ਰਿਟਿਸ਼ ਕੋਲੰਬੀਆ ਮੰਤਰੀ ਮੰਡਲ ‘ਚ ਚਾਰ ਪੰਜਾਬੀ ਸ਼ਾਮਲ

ਨਿੱਕੀ ਸ਼ਰਮਾ ਬਣੀ ਉਪ ਮੁੱਖ ਮੰਤਰੀ; ਜਗਰੂਪ ਬਰਾੜ ਤੇ ਰਵੀ ਪਰਮਾਰ ਵੀ ਬਣੇ ਮੰਤਰੀ
– ਰਵੀ ਕਾਹਲੋਂ ਨੂੰ ਪੁਰਾਣੇ ਵਿਭਾਗ ਦੇ ਨਾਲ ਮਿਉਂਸਿਪਲ ਵੀ ਦਿੱਤਾ
ਵੈਨਕੂਵਰ, 20 ਨਵੰਬਰ (ਪੰਜਾਬ ਮੇਲ)- ਪਿਛਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੁਝ ਹਲਕਿਆਂ ਵਿਚ ਜਿੱਤ-ਹਾਰ ਦਾ ਫ਼ਰਕ 100 ਤੋਂ ਵੀ ਘੱਟ ਹੋਣ ਕਰਕੇ ਵੋਟਾਂ ਦੀ ਦੁਬਾਰਾ ਗਿਣਤੀ ਹੋਈ ਸੀ। ਦੁਬਾਰਾ ਗਿਣਤੀ ਮਗਰੋਂ ਐਲਾਨੇ ਗਏ ਨਤੀਜਿਆਂ ਵਿਚ ਮੁੜ ਤੋਂ ਸੱਤਾ ਵਿਚ ਆਈ ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਡੇਵਿਡ ਈਬੀ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਦੇ ਹੋਏ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਹੈ।
ਇਸ ਦੌਰਾਨ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੀ ਨਿੱਕੀ ਸ਼ਰਮਾ ਨੂੰ ਉਪ ਮੁੱਖ ਮੰਤਰੀ ਅਤੇ ਅਟਾਰਨੀ ਜਨਰਲ ਬਣਾਇਆ ਗਿਆ ਹੈ। ਸੱਤਵੀਂ ਵਾਰ ਜੇਤੂ ਰਹੇ ਜਗਰੂਪ ਬਰਾੜ ਨੂੰ ਪਹਿਲੀ ਵਾਰ ਮੰਤਰੀ ਬਣਾ ਕੇ ਖਾਣਾਂ ਤੇ ਖਣਿਜ ਵਿਭਾਗ ਸੌਂਪੇ ਗਏ ਹਨ। ਰਵੀ ਪਰਮਾਰ ਨੂੰ ਜੰਗਲਾਤ ਮੰਤਰੀ ਬਣਾਇਆ ਗਿਆ ਹੈ। ਰਵੀ ਕਾਹਲੋਂ ਨੂੰ ਪਹਿਲੇ ਵਿਭਾਗ ਹਾਊਸਿੰਗ ਦੇ ਨਾਲ ਹੁਣ ਮਿਉਂਸਿਪਲ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। 24 ਮੰਤਰੀਆਂ ਅਤੇ ਚਾਰ ਰਾਜ ਮੰਤਰੀਆਂ ਦੇ ਨਾਲ ਕੁਝ ਪਾਰਲੀਮਾਨੀ ਸਕੱਤਰ ਵੀ ਬਣਾਏ ਗਏ ਹਨ, ਜਿਨ੍ਹਾਂ ਵਿਚ ਜੈਸੀ ਸੁੰਨੜ, ਹਰਵਿੰਦਰ ਸੰਧੂ, ਆਮਨਾ ਸ਼ਾਹ ਤੇ ਸੁਨੀਤਾ ਧੀਰ ਸ਼ਾਮਲ ਹਨ। ਡੇਵਿਡ ਈਬੀ ਵੱਲੋਂ ਸਾਰੇ ਭਾਈਚਾਰਿਆਂ ਦੀ ਹੋਂਦ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਬਣਦਾ ਹਿੱਸਾ ਦਿੱਤਾ ਗਿਆ ਹੈ। ਉਨ੍ਹਾਂ ਔਰਤਾਂ ਨੂੰ ਵੀ ਬਰਾਬਰਤਾ ਨਾਲ ਨਿਵਾਜਿਆ ਹੈ। ਪਿਛਲੇ ਮੰਤਰੀ ਮੰਡਲ ਵਿਚ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਕੁਝ ਆਗੂਆਂ ਦੇ ਵਿਭਾਗ ਇਸ ਵਾਰ ਬਦਲ ਦਿੱਤੇ ਗਏ ਹਨ। ਸੱਤ ਸਾਲ ਤੋਂ ਸਿਹਤ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਐਂਡਰੀਅਨ ਡਿਕਸ ਨੂੰ ਇਸ ਵਾਰ ਊਰਜਾ ਵਿਭਾਗ ਦਿੱਤਾ ਗਿਆ ਹੈ।