#CANADA

ਬ੍ਰਿਟਿਸ਼ ਕੋਲੰਬੀਆ ਦੇ ਵਾਈਟਰੌਕ ਦੀ ਉਪ ਚੋਣ ‘ਚ 4 ਪੰਜਾਬੀ ਉਮੀਦਵਾਰ ਮੈਦਾਨ ‘ਚ ਨਿੱਤਰੇ

ਐਬਟਸਫੋਰਡ, 18 ਸਤੰਬਰ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਅਮੀਰਾਂ ਦੀ ਨਗਰੀ ਵਜੋਂ ਜਾਣੇ ਜਾਂਦੇ ਸ਼ਹਿਰ ਵਾਈਟਰੌਕ ਨਗਰਪਾਲਿਕਾ ਦੇ 2 ਕੌਂਸਲਰਾਂ ਵਾਸਤੇ ਹੋ ਰਹੀ ਉਪ ਚੋਣ ਵਿਚ 21 ਉਮੀਦਵਾਰ ਕੌਂਸਲਰ ਬਣਨ ਵਾਸਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿਚ 2 ਪੰਜਾਬੀ ਜੈਸ ਸਿੰਘ ਧਾਲੀਵਾਲ ਤੇ ਮਨਦੀਪ ਸੰਧੂ ਅਤੇ 2 ਪੰਜਾਬਣਾਂ ਸੂਜ਼ਨ ਬੈਂਸ ਤੇ ਇੰਦਰ ਬੁੱਟਰ ਵੀ ਚੋਣ ਜਿੱਤਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਇਹ ਉਪ ਚੋਣ 2 ਕੌਂਸਲਰਾਂ ਵੱਲੋਂ ਦਿੱਤੇ ਅਸਤੀਫ਼ੇ ਕਾਰਨ ਖਾਲੀ ਹੋਈਆਂ ਸੀਟਾਂ ‘ਤੇ ਹੋ ਰਹੀ ਹੈ। ਵੋਟਾਂ 27 ਸਤੰਬਰ ਨੂੰ ਪੈਣਗੀਆਂ। ਤਕਰੀਬਨ 24 ਹਜ਼ਾਰ ਦੀ ਆਬਾਦੀ ਵਾਲੇ ਵਾਈਟਰੌਕ ਸ਼ਹਿਰ ਦਾ ਕਦੇ ਕੋਈ ਪੰਜਾਬੀ ਕੌਂਸਲਰ ਨਹੀਂ ਬਣਿਆ ਪਰ ਇਸ ਵਾਰ ਪੰਜਾਬੀਆਂ ‘ਚ ਇਸ ਉਪ ਚੋਣ ਪ੍ਰਤੀ ਭਾਰੀ ਦਿਲਚਸਪੀ ਪਾਈ ਜਾ ਰਹੀ ਹੈ। ਈਕੁਅਲ ਐਕਸੈੱਸ ਕੁਲੈਕਟਿਵ ਦੀ ਪ੍ਰਧਾਨ ਸੂਜ਼ਨ ਬੈਂਸ ਸਪਾਈਨਲ ਕੋਰਡ ਇੰਜਰੀ ਬ੍ਰਿਟਿਸ਼ ਕੋਲੰਬੀਆ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੈਂਬਰ ਹੈ ਤੇ ਕਿੱਤੇ ਵਜੋਂ ਨਰਸ ਇੰਦਰ ਬੁੱਟਰ ਐਜੂਕੇਟਰ ਤੇ ਕਮਿਊਨਟੀ ਐਡਵੋਕੇਟ ਹੈ। ਕੈਨੇਡਾ ਦੇ ਜੰਮਪਲ ਜੈਸ ਸਿੰਘ ਧਾਲੀਵਾਲ ਉੱਘੇ ਵਕੀਲ ਹਨ, ਜਦਕਿ ਮਨਦੀਪ ਸੰਧੂ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ ਹੈ। ਇਹ 27 ਸਤੰਬਰ ਨੂੰ ਹੀ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਵਾਈਟਰੌਕ ਦਾ ਕੌਂਸਲਰ ਬਣਨ ਵਿਚ ਸਫਲ ਹੁੰਦਾ ਹੈ।