#CANADA

ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ‘ਚ 6 ਸੀਟਾਂ ‘ਤੇ ਪੰਜਾਬੀ ਉਮੀਦਵਾਰਾਂ ਦਰਮਿਆਨ ਹੋਵੇਗਾ ਮੁਕਾਬਲਾ

ਐਬਟਸਫੋਰਡ, 10 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੇ ਸਾਢੇ 56 ਲੱਖ ਦੀ ਆਬਾਦੀ ਤੇ 9,44,735 ਵਰਗ ਕਿਲੋਮੀਟਰ ਵਾਲੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ 19 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਐੱਨ.ਡੀ.ਪੀ. ਆਗੂ ਡੇਵਿਡ ਈਬੀ, ਕੰਜ਼ਰਵੇਟਿਵ ਆਗੂ ਜੌਹਨ ਰਸਟਡ ਤੇ ਗਰੀਨ ਪਾਰਟੀ ਦੀ ਆਗੂ ਸੋਨੀਆ ਫਰਸਤਨੂੰ ਵੱਲੋਂ ਤੂਫਾਨੀ ਦੌਰੇ ਕੀਤੇ ਜਾ ਰਹੇ ਹਨ ਤੇ ਵਾਅਦਿਆਂ ਦੀ ਝੜੀ ਲਾਈ ਜਾ ਰਹੀ ਹੈ। ਵੋਟਾਂ 19 ਅਕਤੂਬਰ ਨੂੰ ਪੈਣਗੀਆਂ ਤੇ 10 ਤੋਂ 13 ਤੇ 15 ਤੋਂ 16 ਅਕਤੂਬਰ ਨੂੰ ਅਗਾਊਂ ਵੋਟਾਂ ਪੈਣਗੀਆਂ। ਸੂਬੇ ਦੇ 6 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੇ ਪੰਜਾਬੀ ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਵੇਗਾ, ਜਿਨ੍ਹਾਂ ‘ਚ 2 ਹਲਕਿਆਂ ‘ਚ 5 ਕੋਣਾ ‘ਤੇ 4 ਵਿਚ ਸਿੱਧਾ ਮੁਕਾਬਲਾ ਹੈ।
ਸਰੀ ਉੱਤਰੀ ਵਿਧਾਨ ਸਭਾ ਹਲਕੇ ਤੋਂ ਰਚਨਾ ਸਿੰਘ ਐੱਨ.ਡੀ.ਪੀ., ਮਨਦੀਪ ਧਾਲੀਵਾਲ ਕੰਜ਼ਰਵੇਟਿਵ, ਸਿਮ ਸੰਧੂ ਬੀ.ਸੀ. ਗਰੀਨ ਪਾਰਟੀ, ਕਿਰਨ ਹੁੰਦਲ ਫਰੀਡਮ ਪਾਰਟੀ ਆਫ ਬੀ.ਸੀ. ਤੇ ਹੌਬੀ ਨਿੱਝਰ ਆਜ਼ਾਦ ਉਮੀਦਵਾਰ ਹੈ, ਜਦਕਿ ਸਰੀ-ਨਿਊਟਨ ਤੋਂ ਜਸਪ੍ਰੀਤ ਕੌਰ ਜੈਸੀ ਸੁੰਨੜ ਐੱਨ.ਡੀ.ਪੀ., ਤੇਗਜੋਤ ਬੱਲ ਕੰਜ਼ਰਵੇਟਿਵ, ਅੰਮ੍ਰਿਤ ਬੜਿੰਗ ਫਰੀਡਮ ਪਾਰਟੀ ਆਫ ਬੀ.ਸੀ. ਅਤੇ ਜਪਰੀਤ ਲੇਲ ਤੇ ਜੋਗਿੰਦਰ ਸਿੰਘ ਰੰਧਾਵਾ ਆਜ਼ਾਦ ਉਮੀਦਵਾਰ ਹਨ। ਬਰਨਬੀ-ਨਿਊ ਵੈਸਟ ਮਿਨਸਟਰ ਹਲਕੇ ਤੋਂ ਰਾਜ ਚੌਹਾਨ ਐੱਨ.ਡੀ.ਪੀ. ਤੇ ਦੀਪਕ ਸੂਰੀ ਕੰਜ਼ਰਵੇਟਿਵ ਅਤੇ ਡੈਲਟਾ ਉੱਤਰੀ ਤੋਂ ਰਵੀ ਕਾਹਲੋਂ ਐੱਨ.ਡੀ.ਪੀ. ਤੇ ਰਾਜ ਵੇਯੂਲੀ ਕੰਜ਼ਰਵੇਟਿਵ ਜਦਕਿ ਰਿਚਮੰਡ-ਕੁਈਨਜ਼ਬਰੋ ਤੋਂ ਅਮਨਦੀਪ ਸਿੰਘ ਐੱਨ.ਡੀ.ਪੀ. ਤੇ ਸਟੀਵ ਕੂਨਰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਨ। ਇਹ 19 ਅਕਤੂਬਰ ਨੂੰ ਪਤਾ ਲੱਗੇਗਾ ਕਿ ਇਨ੍ਹਾਂ 6 ਵਿਧਾਨ ਸਭਾ ਹਲਕਿਆਂ ‘ਚ ਚੋਣ ਲੜ ਰਹੇ 18 ਪੰਜਾਬੀ ਉਮੀਦਵਾਰਾਂ ‘ਚੋਂ ਕਿਹੜਾ ਉਮੀਦਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਵਿਚ ਸਫਲ ਹੁੰਦਾ ਹੈ।