#CANADA

ਬ੍ਰਿਟਿਸ਼ ਕੋਲੰਬੀਆ ‘ਚ ਨਸ਼ਿਆਂ ਤਿਆਰ ਕਰਨ ਵਾਲੀ ‘ਸੁਪਰਲੈਬ’ ਦਾ ਪਰਦਾਫਾਸ਼

ਵਿਨੀਪੈਗ, 17 ਅਗਸਤ (ਪੰਜਾਬ ਮੇਲ)- ਕੈਨੇਡਾ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਵਿਚ ਨਸ਼ੇ ਤਿਆਰ ਕਰਨ ਵਾਲੀ ਇਕ ‘ਸੁਪਰਲੈਬ’ ਦਾ ਪਰਦਾਫਾਸ਼ ਕਰਦਿਆਂ ਬਲਵਿੰਦਰ ਜੌਹਲ ਸਣੇ ਪੰਜ ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੈਸੇਫਿਕ ਰਿਜਨ ਫੈਡਰਲ ਪੁਲੀਸਿੰਗ ਪ੍ਰੋਗਰਾਮ ਦੀ ਗੁਪਤ ਪ੍ਰਯੋਗਸ਼ਾਲਾ ਐਨਫੋਰਸਮੈਂਟ ਐਂਡ ਰਿਸਪਾਂਸ (ਕਲੀਅਰ) ਟੀਮ ਵੱਲੋਂ ਕੀਤੀ ਗਈ ਬਹੁ-ਖੇਤਰੀ ਜਾਂਚ ਦੇ ਨਤੀਜੇ ਵਜੋਂ ਮੁਲਜ਼ਮਾਂ ਦੀਆਂ ਚਾਰ ਜਾਇਦਾਦਾਂ ਦੀ ਤਲਾਸ਼ੀ ਲਈ ਗਈ ਤੇ ਇਸ ਦੌਰਾਨ ਇੱਕ ਵੱਡੀ ਆਧੁਨਿਕ ਸਿੰਥੈਟਿਕ ਡਰੱਗ ਲੈਬ ਦਾ ਪਤਾ ਲੱਗਾ, ਜਿਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਕੈਨੇਡੀਅਨ ਪੁਲਿਸ ਨੇ ਦੱਸਿਆ ਕਿ 49 ਕਿਲੋ ਐੱਮ.ਡੀ.ਐੱਮ.ਏ ਅਤੇ ਭਾਰੀ ਮਾਤਰਾ ਵਿਚ ਰਸਾਇਣ ਬਰਾਮਦ ਕੀਤੇ ਗਏ, ਜਿਨ੍ਹਾਂ ਰਾਹੀਂ 80 ਕਿਲੋ ਨਸ਼ੀਲਾ ਪਦਾਰਥ ਤਿਆਰ ਕੀਤਾ ਜਾ ਸਕਦਾ ਹੈ। ਉਪਰੋਕਤ ਪ੍ਰੋਗਰਾਮ ਅਧੀਨ 2022 ਵਿਚ ਪੜਤਾਲ ਆਰੰਭੀ ਗਈ ਅਤੇ ਕੁਝ ਮਹੀਨੇ ਬਾਅਦ ਮੈਪਲ ਰਿਜ ਅਤੇ ਕੌਕੁਇਟਲੈਮ ਵਿਚ ਚਾਰ ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਛਾਪਿਆਂ ਦੌਰਾਨ ਇਸ ਆਧੁਨਿਕ ਲੈਬ ਬਾਰੇ ਪਤਾ ਲੱਗਾ, ਜਿੱਥੇ ਵੱਡੀ ਮਿਕਦਾਰ ਵਿਚ ਐੱਮ.ਡੀ.ਐੱਮ.ਏ. ਤਿਆਰ ਕੀਤਾ ਜਾ ਸਕਦਾ ਸੀ। ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਦੇ ਸਾਰਜੈਂਟ ਸ਼ੌਨ ਮੈਕਨੀ ਨੇ ਦੱਸਿਆ ਕਿ ਅਜਿਹੀਆਂ ਲੈਬਜ਼ ਰਾਹੀਂ ਵੱਡੇ ਪੱਧਰ ‘ਤੇ ਨਸ਼ੇ ਤਿਆਰ ਕਰ ਕੇ ਅਪਰਾਧਕ ਗਰੋਹਾਂ ਵੱਲੋਂ ਮੋਟੀ ਕਮਾਈ ਕੀਤੀ ਜਾ ਸਕਦੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ‘ਚ ਫਸਾਇਆ ਜਾ ਸਕਦਾ ਹੈ। ਪੁਲਿਸ ਨੇ ਮੌਕੇ ਤੋਂ ਨਸ਼ੀਲੇ ਪਦਾਰਥ ਅਤੇ ਰਸਾਇਣ ਤੋਂ ਇਲਾਵਾ 51 ਹਜ਼ਾਰ ਡਾਲਰ ਦੀ ਨਗ਼ਦੀ, ਇਕ ਮਰਸਿਡੀਜ਼ ਬੈਂਜ਼ ਜੀ-ਕਲਾਸ ਅਤੇ ਇਕ ਟੈਸਲਾ 3 ਗੱਡੀ ਬਰਾਮਦ ਕੀਤੀ ਹੈ।