ਨਵੀਂ ਦਿੱਲੀ, 19 ਜੂਨ (ਪੰਜਾਬ ਮੇਲ)- ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਮੁੱਦੇ ‘ਤੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗ਼ਮਾ ਜੇਤੂ ਬਬੀਤਾ ਫੋਗਾਟ ਵਿਚਾਲੇ ਸ਼ਬਦੀ ਜੰਗ ਛਿੜ ਪਈ ਹੈ। ਸਾਕਸ਼ੀ ਨੇ ਜਿੱਥੇ ਸਾਬਕਾ ਪਹਿਲਵਾਨ ਤੇ ਭਾਜਪਾ ਆਗੂ ਬਬੀਤਾ ਫੋਗਾਟ ‘ਤੇ ਸਰਕਾਰ ਦਾ ਸਾਥ ਦੇਣ ਦਾ ਦੋਸ਼ ਲਾਇਆ, ਉੱਥੇ ਹੀ ਬਬੀਤਾ ਨੇ ਸਾਕਸ਼ੀ ਨੂੰ ‘ਕਾਂਗਰਸ ਦੀ ਕਠਪੁਤਲੀ’ ਦੱਸਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਕਸ਼ੀ ਤੇ ਉਸ ਤੇ ਪਤੀ ਸੱਤਿਆਵ੍ਰਤ ਕਾਦਿਆਨ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪਹਿਲਵਾਨਾਂ ਦਾ ਪ੍ਰਦਰਸ਼ਨ ਸਿਆਸਤ ਜਾਂ ਕਾਂਗਰਸ ਤੋਂ ਪ੍ਰੇਰਿਤ ਨਹੀਂ ਹੈ ਅਤੇ ਬਬੀਤਾ ਤੇ ਭਾਜਪਾ ਦੇ ਇਕ ਹੋਰ ਆਗੂ ਤੀਰਥ ਰਾਣਾ ਨੇ ਸ਼ੁਰੂਆਤ ‘ਚ ਪਹਿਲਵਾਨਾਂ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਲਈ ਪੁਲਿਸ ਤੋਂ ਪ੍ਰਵਾਨਗੀ ਲੈਣ ‘ਚ ਮਦਦ ਕੀਤੀ ਸੀ।
ਸਾਕਸ਼ੀ ਮਲਿਕ ਨੇ ਭਾਰਤੀ ਜਨਤਾ ਪਾਰਟੀ ਦੀ ਆਗੂ ਤੇ ਰਾਸ਼ਟਰ ਮੰਡਲ ਖੇਡਾਂ ‘ਚ ਸੋਨ ਤਗ਼ਮਾ ਜੇਤੂ ਪਹਿਲਵਾਨ ਬਬੀਤਾ ਫੋਗਾਟ ‘ਤੇ ਦੋਸ਼ ਲਾਇਆ ਕਿ ਉਹ ਪਹਿਲਵਾਨਾਂ ਦੀ ਵਰਤੋਂ ਆਪਣੇ ਨਿੱਜੀ ਸਵਾਰਥ ਲਈ ਕਰ ਰਹੀ ਹੈ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰ ਰਹੀ ਹੈ। ਸਾਕਸ਼ੀ ਮਲਿਕ ਨੇ ਆਪਣੀ ਸ਼ਨਿੱਚਰਵਾਰ ਦੀ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਬਬੀਤਾ ਤੇ ਰਾਣਾ ‘ਤੇ ਤਨਜ਼ ਕੱਸਿਆ ਸੀ ਕਿ ਕਿਵੇਂ ਉਨ੍ਹਾਂ ਆਪਣੇ ਸਵਾਰਥ ਲਈ ਪਹਿਲਵਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਪਰ ਸਮਝ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਇਹ ਟਿੱਪਣੀ ਪੱਲੇ ਨਾ ਪਈ। ਸਾਕਸ਼ੀ ਨੇ ਟਵੀਟ ਕੀਤਾ, ‘ਵੀਡੀਓ (ਬੀਤੇ ਦਿਨੀਂ) ਵਿਚ ਅਸੀਂ ਤੀਰਥ ਰਾਣਾ ਤੇ ਬਬੀਤਾ ਫੋਗਾਟ ਬਾਰੇ ਟਿੱਪਣੀ ਕੀਤੀ ਸੀ ਕਿ ਕਿਵੇਂ ਉਹ ਆਪਣੇ ਸਵਾਰਥ ਲਈ ਪਹਿਲਵਾਨਾਂ ਦੀ ਵਰਤੋਂ ਕਰਨਾ ਚਾਹੁੰਦੇ ਸੀ ਤੇ ਕਿਵੇਂ ਜਦੋਂ ਪਹਿਲਵਾਨਾਂ ‘ਤੇ ਮੁਸੀਬਤ ਪਈ, ਤਾਂ ਉਹ ਜਾ ਕੇ ਸਰਕਾਰ ਦੀ ਗੋਦੀ ਵਿਚ ਬੈਠ ਗਏ।’ ਉਨ੍ਹਾਂ ਕਿਹਾ, ‘ਅਸੀਂ ਮੁਸੀਬਤ ‘ਚ ਜ਼ਰੂਰ ਹਾਂ ਪਰ ਸਮਝ ਇੰਨੀ ਕਮਜ਼ੋਰ ਵੀ ਨਹੀਂ ਹੋਣੀ ਚਾਹੀਦੀ ਕਿ ਤਾਕਤਵਰ ਨੂੰ ਵੱਢੀ ਚੂੰਡੀ ‘ਤੇ ਤੁਸੀਂ ਹੱਸ ਵੀ ਨਾ ਸਕੋ।’
ਦੂਜੇ ਪਾਸੇ ਜਨਵਰੀ ‘ਚ ਪਹਿਲਵਾਨਾਂ ਦੇ ਤਿੰਨ ਰੋਜ਼ਾ ਪ੍ਰਦਰਸ਼ਨ ਦੌਰਾਨ ਪਹਿਲਵਾਨਾਂ ਤੇ ਸਰਕਾਰ ਵਿਚਾਲੇ ਸਾਲਸੀ ਕਰਨ ਵਾਲੀ ਬਬੀਤਾ ਫੋਗਾਟ ਨੇ ਸਾਕਸ਼ੀ ਮਲਿਕ ਨੂੰ ਜਵਾਬ ਦਿੰਦਿਆਂ ਟਵੀਟ ‘ਚ ਦਾਅਵਾ ਕੀਤਾ ਕਿ ਉਸ ਦਾ ਪਹਿਲਵਾਨਾਂ ਦੇ ਪ੍ਰਦਰਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਸੜਕ ‘ਤੇ ਸੰਘਰਸ਼ ਦੇ ਖ਼ਿਲਾਫ਼ ਸੀ।
ਵਿਰੋਧ ਤੋਂ ਦੂਰੀ ਬਣਾਉਂਦਿਆਂ ਬਬੀਤਾ ਨੇ ਲਿਖਿਆ, ‘ਮੈਨੂੰ ਬਹੁਤ ਦੁੱਖ ਵੀ ਹੋਇਆ ਤੇ ਹਾਸਾ ਵੀ ਆਇਆ, ਜਦੋਂ ਮੈਂ ਆਪਣੀ ਛੋਟੀ ਭੈਣ (ਸਾਕਸ਼ੀ) ਅਤੇ ਉਸ ਦੇ ਪਤੀ ਦੀ ਵੀਡੀਓ ਦੇਖ ਰਹੀ ਸੀ। ਸਭ ਤੋਂ ਪਹਿਲਾਂ ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਜੋ ਇਜਾਜ਼ਤ ਦਾ ਕਾਗਜ਼ ਛੋਟੀ ਭੈਣ ਦਿਖਾ ਰਹੀ ਸੀ, ਉਸ ‘ਤੇ ਕਿਤੇ ਵੀ ਮੇਰੇ ਦਸਤਖ਼ਤ ਜਾਂ ਮੇਰੀ ਸਹਿਮਤੀ ਦਾ ਕੋਈ ਸਬੂਤ ਨਹੀਂ ਹੈ ਅਤੇ ਨਾ ਹੀ ਦੂਰ-ਦੂਰ ਤੱਕ ਇਸ ਨਾਲ ਮੇਰਾ ਕੋਈ ਲੈਣਾ-ਦੇਣਾ ਹੈ।’ ਉਨ੍ਹਾਂ ਲਿਖਿਆ, ‘ਮੈਂ ਪਹਿਲੇ ਦਿਨ ਤੋਂ ਕਹਿੰਦੀ ਆ ਰਹੀ ਹਾਂ ਕਿ ਪ੍ਰਧਾਨ ਮੰਤਰੀ ਤੇ ਦੇਸ਼ ਦੇ ਨਿਆਂ ਪ੍ਰਬੰਧ ‘ਤੇ ਭਰੋਸਾ ਰੱਖੋ, ਸੱਚ ਜ਼ਰੂਰ ਸਾਹਮਣੇ ਆਵੇਗਾ।’ ਬਬੀਤਾ ਨੇ ਕਿਹਾ, ‘ਮੈਂ ਵਾਰ-ਵਾਰ ਕਿਹਾ ਕਿ ਸਾਰੇ ਪਹਿਲਵਾਨਾਂ ਨੂੰ ਇਹ ਕਹੋ ਕਿ ਉਹ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਮਿਲਣ, ਹੱਲ ਉੱਥੋਂ ਹੀ ਹੋਵੇਗਾ ਪਰ ਤੁਹਾਨੂੰ ਹੱਲ ਦੀਪੇਂਦਰ ਹੁੱਡਾ, ਕਾਂਗਰਸ ਤੇ ਪ੍ਰਿਯੰਕਾ ਗਾਂਧੀ ‘ਚ ਨਜ਼ਰ ਆਇਆ, ਜਿਨ੍ਹਾਂ ਨਾਲ ਜਬਰ-ਜਨਾਹ ਤੇ ਹੋਰ ਕੇਸਾਂ ‘ਚ ਫਸੇ ਲੋਕ ਆ ਰਹੇ ਹਨ।’ ਬਬੀਤਾ ਨੇ ਕਿਹਾ, ‘ਦੇਸ਼ ਦੀ ਜਨਤਾ ਸਮਝ ਚੁੱਕੀ ਹੈ ਕਿ ਤੁਸੀਂ ਕਾਂਗਰਸ ਦੇ ਹੱਥ ਦੀ ਕੱਠਪੁਤਲੀ ਬਣ ਚੁੱਕੇ ਹੋ। ਹੁਣ ਸਮਾਂ ਆ ਗਿਆ ਹੈ ਕਿ ਤੁਹਾਨੂੰ ਆਪਣੀ ਅਸਲ ਮਨਸ਼ਾ ਦਸ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਜਨਤਾ ਤੁਹਾਨੂੰ ਸਵਾਲ ਪੁੱਛ ਰਹੀ ਹੈ।’
ਜ਼ਿਕਰਯੋਗ ਹੈ ਕਿ ਵਿਨੇਸ਼ ਫੋਗਾਟ ਨੇ ਵੀ ਅਪ੍ਰੈਲ ‘ਚ ਆਪਣੀ ਚਚੇਰੀ ਭੈਣ ਨੂੰ ਅਪੀਲ ਕੀਤੀ ਸੀ ਕਿ ਉਹ ਸੋਸ਼ਲ ਮੀਡੀਆ ‘ਤੇ ਆਪਾ-ਵਿਰੋਧੀ ਬਿਆਨ ਜਾਰੀ ਕਰਕੇ ਉਨ੍ਹਾਂ ਦੇ ਸੰਘਰਸ਼ ਨੂੰ ਕਮਜ਼ੋਰ ਨਾ ਕਰੇ।