#AMERICA

ਬ੍ਰਿਕਸ ਦੇਸ਼ਾਂ ਨੂੰ ਦੇਣਾ ਹੋਵੇਗਾ 10% ਵਾਧੂ ਟੈਰਿਫ : ਟਰੰਪ

– ਟ੍ਰੇਡ ਡੀਲ ਤੋਂ ਪਹਿਲਾਂ ਟਰੰਪ ਨੇ ਵਧਾਈ ਭਾਰਤ ਦੀ ਟੈਂਸ਼ਨ
– ਟਰੰਪ ਨੇ ਬ੍ਰਿਕਸ ਨੂੰ ਦੱਸਿਆ ‘ਅਮਰੀਕਾ ਖਿਲਾਫ ਬਣਿਆ ਗੱਠਜੋੜ’
ਵਾਸ਼ਿੰਗਟਨ, 9 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਵਿਸ਼ਵ ਵਪਾਰ ਜਗਤ ਵਿਚ ਹਲਚਲ ਮਚਾ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਬ੍ਰਿਕਸ ਦੇਸ਼ਾਂ ‘ਤੇ 10% ਵਾਧੂ ਟੈਰਿਫ (ਆਯਾਤ ਡਿਊਟੀ) ਲਗਾਈ ਜਾਵੇਗੀ ਅਤੇ ਇਹ ਫੈਸਲਾ ਜਲਦੀ ਹੀ ਲਾਗੂ ਕੀਤਾ ਜਾ ਸਕਦਾ ਹੈ। ਭਾਰਤ ਸਮੇਤ ਸਾਰੇ ਬ੍ਰਿਕਸ ਮੈਂਬਰ ਇਸ ਚਿਤਾਵਨੀ ਦੇ ਦਾਇਰੇ ਵਿਚ ਆ ਗਏ ਹਨ।
ਵ੍ਹਾਈਟ ਹਾਊਸ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਦੋਸ਼ ਲਗਾਇਆ ਕਿ ਬ੍ਰਿਕਸ ਦਾ ਉਦੇਸ਼ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਡਾਲਰ ਦੀ ਤਾਕਤ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਕਿਹਾ, ”ਬ੍ਰਿਕਸ ਦੀ ਸਥਾਪਨਾ ਅਮਰੀਕਾ ਨੂੰ ਕਮਜ਼ੋਰ ਕਰਨ ਅਤੇ ਸਾਡੇ ਡਾਲਰ ਨੂੰ ਚੁਣੌਤੀ ਦੇਣ ਲਈ ਕੀਤੀ ਗਈ ਸੀ ਪਰ ਡਾਲਰ ਰਾਜਾ ਹੈ ਅਤੇ ਅਜਿਹਾ ਹੀ ਰਹੇਗਾ। ਜੋ ਕੋਈ ਵੀ ਇਸ ਨੂੰ ਚੁਣੌਤੀ ਦਿੰਦਾ ਹੈ, ਉਸ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ।”
ਬ੍ਰਿਕਸ ਸ਼ੁਰੂ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਨਾਲ ਬਣਾਈ ਗਈ ਸੀ। ਹਾਲ ਹੀ ਦੇ ਸਾਲਾਂ ਵਿਚ ਇਸ ਵਿਚ ਸਾਊਦੀ ਅਰਬ, ਮਿਸਰ, ਈਰਾਨ, ਇਥੋਪੀਆ, ਸੰਯੁਕਤ ਅਰਬ ਅਮੀਰਾਤ ਅਤੇ ਇੰਡੋਨੇਸ਼ੀਆ ਵੀ ਸ਼ਾਮਲ ਹੋਏ ਹਨ, ਜਿਸ ਨਾਲ ਇਸ ਗੱਠਜੋੜ ਦੀ ਤਾਕਤ ਅਤੇ ਰਾਜਨੀਤਿਕ ਪ੍ਰਭਾਵ ਵਿਚ ਕਾਫ਼ੀ ਵਾਧਾ ਹੋਇਆ ਹੈ। ਹੁਣ ਕੁੱਲ 11 ਦੇਸ਼ ਬ੍ਰਿਕਸ ਦਾ ਹਿੱਸਾ ਹਨ।
ਡੋਨਾਲਡ ਟਰੰਪ ਨੇ ਸਪੱਸ਼ਟ ਕੀਤਾ ਕਿ 1 ਅਗਸਤ, 2025 ਤੋਂ ਅਮਰੀਕਾ ਵਿਚ ਇਨ੍ਹਾਂ ਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ ‘ਤੇ ਵਾਧੂ ਡਿਊਟੀ ਲਗਾਈ ਜਾ ਸਕਦੀ ਹੈ। ਉਨ੍ਹਾਂ ਕਿਹਾ, ”ਸਾਲਾਂ ਤੋਂ ਇਹ ਦੇਸ਼ ਸਾਡੇ ਤੋਂ ਭਾਰੀ ਟੈਰਿਫ ਵਸੂਲਦੇ ਰਹੇ ਅਤੇ ਅਸੀਂ ਬਦਲੇ ਵਿਚ ਕੁਝ ਨਹੀਂ ਕੀਤਾ। ਹੁਣ ਸਮਾਂ ਬਦਲ ਗਿਆ ਹੈ। 1 ਅਗਸਤ ਤੋਂ ਅਮਰੀਕਾ ਨੂੰ ਭਾਰੀ ਮਾਲੀਆ ਮਿਲਣਾ ਸ਼ੁਰੂ ਹੋ ਜਾਵੇਗਾ।”
ਭਾਰਤ ਬ੍ਰਿਕਸ ਦਾ ਇੱਕ ਸਰਗਰਮ ਮੈਂਬਰ ਹੈ ਅਤੇ ਅਮਰੀਕਾ ਨਾਲ ਉਸਦਾ ਵੱਡਾ ਵਪਾਰਕ ਸਬੰਧ ਹੈ। ਅਮਰੀਕਾ ਭਾਰਤ ਦੇ ਸਭ ਤੋਂ ਵੱਡੇ ਨਿਰਯਾਤ ਬਾਜ਼ਾਰਾਂ ਵਿਚੋਂ ਇੱਕ ਹੈ, ਖਾਸ ਕਰਕੇ ਫਾਰਮਾ, ਟੈਕਸਟਾਈਲ, ਇੰਜੀਨੀਅਰਿੰਗ ਸਾਮਾਨ ਅਤੇ ਆਈ.ਟੀ. ਸੇਵਾਵਾਂ ਦੇ ਖੇਤਰ ਵਿਚ। ਜੇਕਰ ਇਹ 10% ਵਾਧੂ ਟੈਰਿਫ ਲਾਗੂ ਕੀਤਾ ਜਾਂਦਾ ਹੈ, ਤਾਂ ਇਹ ਭਾਰਤੀ ਨਿਰਯਾਤਕਾਂ ‘ਤੇ ਦਬਾਅ ਵਧਾ ਸਕਦਾ ਹੈ ਅਤੇ ਵਪਾਰ ਘਾਟਾ ਡੂੰਘਾ ਕਰ ਸਕਦਾ ਹੈ।
ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਟਰੰਪ ਦਾ ਇਹ ਬਿਆਨ ਅਮਰੀਕਾ ਫਸਟ ਨੀਤੀ ਤਹਿਤ ਚੋਣ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ। ਟਰੰਪ ਨੇ 2024 ਵਿਚ ਦੁਬਾਰਾ ਰਾਸ਼ਟਰਪਤੀ ਅਹੁਦਾ ਸੰਭਾਲਿਆ ਹੈ ਅਤੇ ਹੁਣ ਉਹ ਵਿਸ਼ਵ ਪੱਧਰ ‘ਤੇ ਅਮਰੀਕਾ ਦੀ ਸ਼ਕਤੀ ਨੂੰ ਦੁਬਾਰਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਬਿਆਨ ਇਹ ਵੀ ਦਰਸਾਉਂਦਾ ਹੈ ਕਿ ਟਰੰਪ ਪ੍ਰਸ਼ਾਸਨ ਬ੍ਰਿਕਸ ਦੇ ਵਧਦੇ ਕੱਦ ਬਾਰੇ ਚਿੰਤਤ ਹੈ, ਖਾਸ ਕਰਕੇ ਜਦੋਂ ਇਹ ਸਮੂਹ ਡਾਲਰ ਦੇ ਮੁਕਾਬਲੇ ਇੱਕ ਨਵੀਂ ਭੁਗਤਾਨ ਪ੍ਰਣਾਲੀ ਜਾਂ ਇੱਕ ਨਵੀਂ ਮੁਦਰਾ ਪ੍ਰਣਾਲੀ ਵੱਲ ਕੰਮ ਕਰ ਰਿਹਾ ਹੈ।