ਰੀਓ ਡੀ ਜੇਨੇਰੀਓ, 8 ਅਪ੍ਰੈਲ (ਪੰਜਾਬ ਮੇਲ)- ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਨੇ ਫਰਜ਼ੀ ਖ਼ਬਰਾਂ ਫੈਲਾਉਣ ਦੀ ਚੱਲ ਰਹੀ ਜਾਂਚ ਵਿੱਚ ਉੱਘੇ ਕਾਰੋਬਾਰੀ ਐਲੋਨ ਮਸਕ ਨੂੰ ਸ਼ਾਮਲ ਕੀਤਾ ਹੈ ਅਤੇ ਨਿਆਂ ਪ੍ਰਕਿਰਿਆ ਵਿਚ ਰੁਕਾਵਟ ਪਾਉਣ ਦੇ ਦੋਸ਼ਾਂ ਤਹਿਤ ਐਤਵਾਰ ਦੇਰ ਰਾਤ ਉਸ ਖ਼ਿਲਾਫ਼ ਇੱਕ ਵੱਖਰੀ ਜਾਂਚ ਸ਼ੁਰੂ ਕੀਤੀ ਹੈ। ਜਸਟਿਸ ਅਲੈਗਜ਼ੈਂਡਰ ਡੀ. ਮੋਰੇਸ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮਸਕ ਨੇ ਸ਼ਨੀਵਾਰ ਨੂੰ ਸਿਖਰਲੀ ਅਦਾਲਤ ਦੀਆਂ ਕਾਰਵਾਈਆਂ ਦੇ ਸਬੰਧ ਵਿਚ ਇੱਕ ਜਨਤਕ ”ਗਲਤ ਸੂਚਨਾ ਮੁਹਿੰਮ” ਸ਼ੁਰੂ ਕੀਤਾ, ਜਿਹੜਾ ਕਿ ਐਤਵਾਰ ਨੂੰ ਵੀ ਜਾਰੀ ਰਿਹਾ।
ਜੱਜ ਨੇ ਇਹ ਟਿੱਪਣੀ ਖਾਸ ਤੌਰ ‘ਤੇ ਮਸਕ ਦੇ ਬਿਆਨ ‘ਤੇ ਕੀਤੀ ਹੈ ਕਿ ਉਸ ਦੀ ਸੋਸ਼ਲ ਮੀਡੀਆ ਕੰਪਨੀ ‘ਐਕਸ’ ਕੁਝ ਖਾਤਿਆਂ ਨੂੰ ਬਲਾਕ ਕਰਨ ਦੇ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ। ਡੀ. ਮੋਰੇਸ ਨੇ ਲਿਖਿਆ, ”ਬ੍ਰਾਜ਼ੀਲ ਦੀ ਨਿਆਂ ਪ੍ਰਣਾਲੀ ਵਿਚ ਰੁਕਾਵਟ ਦਾ ਨਿੰਦਣਯੋਗ ਵਿਵਹਾਰ, ਅਪਰਾਧ ਲਈ ਉਕਸਾਉਣਾ, ਅਦਾਲਤੀ ਆਦੇਸ਼ਾਂ ਦੀ ਅਣਆਗਿਆਕਾਰੀ ਦੀਆਂ ਜਨਤਕ ਧਮਕੀਆਂ ਅਤੇ (ਸੋਸ਼ਲ ਮੀਡੀਆ) ਪਲੇਟਫਾਰਮ ਤੋਂ ਭਵਿੱਖ ਵਿਚ ਸਹਿਯੋਗ ਦੀ ਘਾਟ – ਇਹ ਉਹ ਤੱਥ ਹਨ, ਜੋ ਬ੍ਰਾਜ਼ੀਲ ਦੀ ਪ੍ਰਭੂਸੱਤਾ ਦਾ ਨਿਰਾਦਰ ਕਰਦੇ ਹਨ।
ਫੈਸਲੇ ਅਨੁਸਾਰ, ਕਥਿਤ ਤੌਰ ‘ਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਖਿਲਾਫ ਬਦਨਾਮੀ ਵਾਲੀਆਂ ਜਾਅਲੀ ਖ਼ਬਰਾਂ ਫੈਲਾਉਣ ਵਾਲੇ ਅਤੇ ਡਿਜੀਟਲ ਮਿਲੀਸ਼ੀਆ ਵਜੋਂ ਜਾਣੇ ਜਾਂਦੇ ਲੋਕਾਂ ਦੇ ਇੱਕ ਨੈੱਟਵਰਕ ਦੇ ਖਿਲਾਫ ਜਾਂਚ ਦੇ ਹਿੱਸੇ ਵਜੋਂ ‘ਐਕਸ’ ਜਾਣਬੁੱਝ ਕੇ ਅਪਰਾਧਿਕ ਸੰਦ ਵਜੋਂ ਇਸਤੇਮਾਲ ਕੀਤੇ ਜਾਣ ਦੇ ਦੋਸ਼ ‘ਚ ਮਸਕ ਵਿਰੁੱਧ ਜਾਂਚ ਕੀਤੀ ਜਾਵੇਗੀ।