ਸਾਓ ਪਾਓਲੋ, 9 ਸਤੰਬਰ (ਪੰਜਾਬ ਮੇਲ)- ਨੇਮਾਰ ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਅਤੇ ਮਹਾਨ ਫੁਟਬਾਲਰ ਪੇਲੇ ਨੂੰ ਪਛਾੜ ਕੇ ਬ੍ਰਾਜ਼ੀਲ ਲਈ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ। ਨੇਮਾਰ ਨੇ ਬੋਲੀਵੀਆ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇੰਗ ਮੈਚ ‘ਚ 61ਵੇਂ ਮਿੰਟ ‘ਚ ਗੋਲ ਕਰਕੇ ਇਹ ਉਪਲੱਬਧੀ ਹਾਸਲ ਕੀਤੀ। ਅਮੇਜ਼ਨ ਸ਼ਹਿਰ ਬੇਲੇਮ ‘ਚ ਇਸ 31 ਸਾਲਾ ਖਿਡਾਰੀ ਨੇ ਆਪਣਾ 78ਵਾਂ ਗੋਲ ਕੀਤਾ, ਜਿਸ ਨਾਲ ਪੇਲੇ ਦੇ 77 ਗੋਲਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਇਸ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਵਿਚ ਬ੍ਰਾਜ਼ੀਲ ਨੇ 5-1 ਨਾਲ ਜਿੱਤ ਦਰਜ ਕੀਤੀ। ਨੇਮਾਰ ਨੇ ਮੈਚ ਵਿਚ ਟੀਮ ਲਈ ਚੌਥਾ ਅਤੇ ਪੰਜਵਾਂ ਗੋਲ ਕੀਤਾ। ਹੁਣ ਉਸ ਨੇ ਕੁੱਲ 79 ਗੋਲ ਕੀਤੇ ਹਨ।