ਸਰੀ, 11 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਬੈਤੁਰ ਰਹਿਮਾਨ ਮਸਜਿਦ ਭਾਈਚਾਰੇ ਵੱਲੋਂ ਬੀਤੇ ਦਿਨ ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤਾ ਮਨਾਉਂਦਿਆਂ ਸਾਲਾਨਾ ਅੰਤਰ-ਧਰਮ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ। ਇਹ ਹਫਤਾ ਸਹਿਣਸ਼ੀਲਤਾ, ਸੁਲ੍ਹਾ-ਸਫ਼ਾਈ, ਮੁਆਫ਼ੀ, ਉਸਾਰੂ ਸੰਵਾਦ, ਅੰਤਰ-ਧਰਮ ਸਦਭਾਵਨਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਹਿਤ ਵੱਖ ਵੱਖ ਭਾਈਚਾਰਿਆਂ ਵਿੱਚ ਪੁਲ ਬਣਾਉਣ ਦੀ ਭਾਵਨਾ ਉਜਾਗਰ ਕਰਦਾ ਹੈ। ਅਹਿਮਦੀਆ ਮੁਸਲਿਮ ਜਮਾਤ ਅਤੇ ਸਰੀ ਇੰਟਰਫੇਥ ਕਾਉਂਸਿਲ ਨੇ ਇਸ ਸਮਾਗਮ ਨੂੰ ਸਪਾਂਸਰ ਕੀਤਾ।
ਸ਼ਾਮ ਦੀ ਸ਼ੁਰੂਆਤ ਅਹਿਮਦੀਆ ਮੁਸਲਿਮ ਜਮਾਤ ਦੇ ਇਮਾਮ ਮੁਹੰਮਦ ਦਾਨਿਆਲ ਦੇ ਪਾਠ ਨਾਲ ਹੋਈ। ਉਪਰੰਤ ਸਵਦੇਸ਼ੀ ਨੇਤਾ ਅਤੇ ਮੈਟਰੋ ਵੈਨਕੂਵਰ ਆਦਿਵਾਸੀ ਕਾਰਜਕਾਰੀ ਕੌਂਸਲ ਦੇ ਸਾਬਕਾ ਸੀਈਓ ਕੇਵਿਨ ਬਾਰਲੋ ਨੇ ਸਵਦੇਸ਼ੀ ਪ੍ਰਾਰਥਨਾ ਵਿੱਚ ਅਗਵਾਈ ਕੀਤੀ। ਹਿੰਦੂ ਅਤੇ ਬੋਧੀ ਪਰੰਪਰਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਮੈਕੇਂਜੀ ਐਮੀ ਗੋਸਪੋਡਿਨ ਸਮੇਤ ਬਹਾਈ ਭਾਈਚਾਰੇ ਦੀ ਸੂਜ਼ਨ ਮੋਟਾਹੇਦਾਹ, ਸਿੱਖ ਕੌਮ ਦੀ ਨੁਮਾਇੰਦਗੀ ਕਰ ਰਹੇ ਡਾ. ਰਿਸ਼ੀ ਸਿੰਘ, ਇਸਲਾਮ ਦੀ ਨੁਮਾਇੰਦਗੀ ਕਰ ਰਹੇ ਇਮਾਮ ਉਮਰਾਨ ਭੱਟੀ ਅਤੇ ਚਰਚ ਆਫ਼ ਜੀਸਸ ਕ੍ਰਾਈਸਟ ਆਫ਼ ਲੈਟਰ-ਡੇ ਸੇਂਟਸ (ਮਾਰਮਨ) ਦੇ ਬਜ਼ੁਰਗ ਗ੍ਰੇਗ ਗੋਰਡੀਚੁਕ ਨੇ ਅੰਤਰ-ਧਰਮ ਸਮਝ ਅਤੇ ਸਹਿਯੋਗ ਦੇ ਲੋਕਾਚਾਰ ਨੂੰ ਦਰਸਾਉਂਦੇ ਹੋਏ ਉਤਸ਼ਾਹ, ਉਮੀਦ ਅਤੇ ਸ਼ਾਂਤੀ ਸੰਬੰਧੀ ਆਪਣੇ ਸ਼ਬਦ ਸਾਂਝੇ ਕੀਤੇ।
ਇਸ ਸਮਾਗਮ ਵਿੱਚ ਸ਼ਾਮਲ ਕਿਰਤ ਮੰਤਰੀ ਹੈਰੀ ਬੈਂਸ, ਵਪਾਰ ਰਾਜ ਮੰਤਰੀ ਜਗਰੂਪ ਬਰਾੜ ਅਤੇ ਵਿਧਾਇਕ ਜਿੰਨੀ ਸਿਮਸ ਨੇ ਭਾਈਚਾਰਿਆਂ ਅਤੇ ਲੋਕਾਂ ਵਿਚਕਾਰ ਆਪਸੀ ਵਿਸ਼ਵਾਸ ਸਬੰਧਾਂ ਅਤੇ ਸਮਝਦਾਰੀ ਨੂੰ ਵਧਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸਿਟੀ ਆਫ਼ ਸਰੀ ਦੇ ਕੌਂਸਲਰ ਲਿੰਡਾ ਐਨੀਸ ਅਤੇ ਮਾਈਕ ਬੋਸ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਕਮਿਊਨਿਟੀ ਅੰਦਰ ਸ਼ਮੂਲੀਅਤ ਅਤੇ ਆਪਸੀ ਸਨਮਾਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।