ਨਵੀਂ ਦਿੱਲੀ, 5 ਮਈ (ਪੰਜਾਬ ਮੇਲ)- ਕੈਨਰਾ ਬੈਂਕ ਨਾਲ 538 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਸਬੰਧੀ ਕੇਸ ਵਿਚ ਸੀ.ਬੀ.ਆਈ. ਨੇ ਅੱਜ ਜੈੱਟ ਏਅਰਵੇਜ਼ ਦੇ ਦਫਤਰਾਂ ਅਤੇ ਇਸ ਦੇ ਸੰਸਥਾਪਕ ਨਰੇਸ਼ ਗੋਇਲ ਦੀ ਮੁੰਬਈ ਸਥਿਤ ਰਿਹਾਇਸ਼ ਸਣੇ ਸੱਤ ਥਾਵਾਂ ‘ਤੇ ਤਲਾਸ਼ੀ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀ.ਬੀ.ਆਈ. ਨੇ ਗੋਇਲ, ਉਨ੍ਹਾਂ ਦੀ ਪਤਨੀ ਅਨੀਤਾ ਅਤੇ ਏਅਰਲਾਈਨ ਦੇ ਸਾਬਕਾ ਡਾਇਰੈਕਟਰ ਗੌਰਾਂਗ ਅਨੰਦ ਸ਼ੈਟੀ ਦੇ ਦਫ਼ਤਰਾਂ ਅਤੇ ਰਿਹਾਇਸ਼ਾਂ ਦੀ ਤਲਾਸ਼ੀ ਕੀਤੀ। ਅਧਿਕਾਰੀਆਂ ਮੁਤਾਬਕ ਜਾਂਚ ਏਜੰਸੀ ਨੇ ਕੈਨਰਾ ਬੈਂਕ ਦੀ ਸ਼ਿਕਾਇਤ ‘ਤੇ 538 ਕਰੋੜ ਦੀ ਕਥਿਤ ਬੈਂਕ ਧੋਖਾਧੜੀ ਦਾ ਨਵਾਂ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਤੌਰ ‘ਤੇ ਫੰਡਾਂ ਦੀ ਹੇਰਾਫੇਰੀ ਅਤੇ ਹੋਰ ਬੇਨਿਯਮੀਆਂ ਨਾਲ ਸਬੰਧਤ ਹਨ।