ਸਰੀ, 12 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਜਿਸ ਤਰ੍ਹਾਂ ਅਰਥਸ਼ਾਸਤਰੀਆਂ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਸੀ ਅੱਜ ਕੈਨੇਡਾ ਦੇ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿਚ 50 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਬੈਂਕ ਦੇ ਇਸ ਫੈਸਲੇ ਨਾਲ ਹੁਣ ਬੈਂਕ ਰੇਟ 3.25 ਪ੍ਰਤੀਸ਼ਤ ਹੋ ਗਈ ਹੈ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਜੂਨ ਤੋਂ ਬਾਅਦ ਲਗਾਤਾਰ ਕੀਤੀ ਗਈ ਇਹ ਪੰਜਵੀਂ ਕਟੌਤੀ ਹੈ। ਮਹਾਂਮਾਰੀ ਤੋਂ ਬਾਅਦ ਬੈਂਕ ਨੇ ਅਕਤੂਬਰ ਵਿਚ ਪਹਿਲੀ ਵਾਰ ਵਿਆਜ ਦਰਾਂ ਵਿੱਚ ਅੱਧੇ ਪੁਆਇੰਟ ਦੀ ਕਟੌਤੀ ਕੀਤੀ ਸੀ।
ਬੈਂਕ ਦੇ ਗਵਰਨਰ ਟਿਫ ਮੈਕਲੇਮ ਨੇ ਕਿਹਾ ਹੈ ਕਿ ਕੇਂਦਰੀ ਬੈਂਕ ਨੇ ਲਗਾਤਾਰ ਦੋ ਕਟੌਤੀਆਂ ਕੀਤੀਆਂ ਹਨ ਕਿਉਂਕਿ ਮਹਿੰਗਾਈ ਅਤੇ ਆਰਥਿਕ ਵਿਕਾਸ ਨੂੰ ਹੁਣ ਸੀਮਤ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਦਰਾਸਫੀਤੀ ਦੋ ਫੀਸਦੀ ਦੇ ਟੀਚੇ ‘ਤੇ ਵਾਪਸ ਆਉਣ ਨਾਲ, ਕੇਂਦਰੀ ਬੈਂਕ ਹੁਣ ਇਸ ਨੂੰ ਸਥਿਰ ਰੱਖਣ ‘ਤੇ ਹੀ ਧਿਆਨ ਕੇਂਦਰਿਤ ਕਰ ਰਿਹਾ ਹੈ।