#INDIA

ਬੇਅਦਬੀ ਮਾਮਲੇ ‘ਚ ਸੁਪੀਰਮ ਕੋਰਟ ‘ਚ ਆਪਣਾ ਪੱਖ ਰਖੇਗਾ ਡੇਰਾ ਮੁਖੀ ਰਾਮ ਰਹੀਮ

ਹਰਿਆਣਾ, 19 ਅਕਤੂਬਰ (ਪੰਜਾਬ ਮੇਲ)- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਪੰਜਾਬ ‘ਚ ਧਾਰਮਿਕ ਬੇਅਦਬੀ ਦੇ ਮਾਮਲੇ ‘ਚ ਸੁਪਰੀਮ ਕੋਰਟ ‘ਚ ਆਪਣਾ ਪੱਖ ਰੱਖੇਗਾ। ਇਹ ਜਾਣਕਾਰੀ ਸ਼ਨੀਵਾਰ ਨੂੰ ਸਿਰਸਾ ਸਥਿਤ ਡੇਰਾ ਦੇ ਬੁਲਾਰੇ ਅਤੇ ਵਕੀਲ ਜਿਤੇਂਦਰ ਖੁਰਾਨਾ ਨੇ ਇਕ ਬਿਆਨ ‘ਚ ਦਿੱਤੀ। ਬਿਆਨ ‘ਚ ਖੁਰਾਨਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਅਦਾਲਤ ‘ਚ ਅਧੂਰੇ ਤੱਥ ਰੱਖੇ ਹਨ। ਬੁਲਾਰੇ ਅਨੁਸਾਰ ਇਸ ਦੇ ਜਵਾਬ ‘ਚ ਪੂਰੇ ਤੱਥਾਂ ਨਾਲ ਪੱਖ ਰੱਖਿਆ ਜਾਵੇਗਾ ਅਤੇ ਉਮੀਦ ਜਤਾਈ ਕਿ ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਨਿਆਂ ਮਿਲੇਗਾ।
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧੀ ਮਾਮਲਿਆਂ ‘ਚ ਡੇਰਾ ਮੁਖੀ ਖ਼ਿਲਾਫ਼ ਮੁਕੱਦਮੇ ‘ਤੇ ਲੱਗੀ ਰੋਕ ਹਟਾਉਂਦੇ ਹੋਏ ਰਾਮ ਰਹੀਮ ਨੂੰ ਵੀ ਨੋਟਿਸ ਭੇਜ ਕੇ ਇਕ ਮਹੀਨੇ ‘ਚ ਆਪਣਾ ਪੱਖ ਰੱਖਣ ਦਾ ਆਦੇਸ਼ ਦਿੱਤਾ ਸੀ। ਡੇਰਾ ਮੁਖੀ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ‘ਚ ਸਜ਼ਾ ਭੁਗਤ ਰਿਹਾ ਹੈ ਅਤੇ ਬੀਤੀ 2 ਅਕਤੂਬਰ ਤੋਂ 20 ਦਿਨਾਂ ਦੀ ਪੈਰੋਲ ‘ਤੇ ਰਿਹਾਅ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਸ਼ਰਮ ‘ਚ ਹੈ।