ਲੰਡਨ, 31 ਜੁਲਾਈ (ਪੰਜਾਬ ਮੇਲ)- ਬੁੱਕਰ ਪੁਰਸਕਾਰ ਜੇਤੂ ਭਾਰਤੀ ਲੇਖਿਕਾ ਕਿਰਨ ਦੇਸਾਈ ਨੂੰ ਇਕ ਵਾਰ ਫਿਰ ਆਪਣੇ ਨਵੇਂ ਨਾਵਲ ‘ਦਿ ਲੋਨਲੀਨੈੱਸ ਆਫ਼ ਸੰਨੀ ਐਂਡ ਸੋਨੀਆ’ ਰਾਹੀਂ ਇਸ ਵੱਕਾਰੀ ਪੁਰਸਕਾਰ ਦੀ ਦੌੜ ‘ਚ ਸ਼ਾਮਲ ਹੋ ਗਈ ਹੈ। ‘ਦਿ ਇਨਹੈਰੀਟੈਂਸ ਆਫ਼ ਲੌਸ’ ਲਈ 2006 ‘ਚ ਬੁੱਕਰ ਪੁਰਸਕਾਰ ਜਿੱਤਣ ਵਾਲੀ ਦੇਸਾਈ ਨੇ ਲਗਭਗ 2 ਦਹਾਕਿਆਂ ਦੇ ਅੰਤਰਾਲ ਤੋਂ ਬਾਅਦ ਇਕ ਨਾਵਲ ਲਿਖਿਆ ਹੈ। ‘ਦਿ ਲੋਨਲੀਨੈੱਸ ਆਫ਼ ਸੰਨੀ ਐਂਡ ਸੋਨੀਆ’ ਇਕ 677 ਪੰਨਿਆਂ ਦਾ ਨਾਵਲ ਹੈ, ਜੋ ਅਮਰੀਕਾ ‘ਚ ਜਾਣ ਵਾਲੇ 2 ਨੌਜਵਾਨ ਭਾਰਤੀਆਂ ਦੀ ਕਹਾਣੀ ਦੱਸਦਾ ਹੈ। ਇਸ ਨੂੰ ਹਾਮਿਸ਼ ਹੈਮਿਲਟਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਉਨ੍ਹਾਂ 13 ਰਚਨਾਵਾਂ ‘ਚੋਂ ਇਕ ਹੈ, ਜਿਨ੍ਹਾਂ ਦੇ ਨਾਵਾਂ ਦਾ ਐਲਾਨ 50,000 ਬ੍ਰਿਟਿਸ਼ ਪੌਂਡ ਦੀ ਇਨਾਮੀ ਰਾਸ਼ੀ ਵਾਲੇ ਵੱਕਾਰੀ ਬੁੱਕਰ ਪੁਰਸਕਾਰ ਦੀ ਦੌੜ ‘ਚ ਨਾਵਲਾਂ ਵਜੋਂ ਕੀਤਾ ਗਿਆ ਹੈ। ਹੋਰ ਦਾਅਵੇਦਾਰਾਂ ‘ਚ 4 ਮਹਾਦੀਪਾਂ ਦੇ 9 ਦੇਸ਼ਾਂ ਦੇ ਨਾਵਲ ਸ਼ਾਮਲ ਹਨ। ਸਤੰਬਰ ਤੱਕ ਇਨ੍ਹਾਂ ‘ਚੋਂ 6 ਨਾਵਲਾਂ ਨੂੰ ਬੁੱਕਰ ਪੁਰਸਕਾਰ ਲਈ ਚੁਣਿਆ ਜਾਵੇਗਾ, ਜਦਕਿ ਜੇਤੂ ਨਾਵਲ ਦਾ ਐਲਾਨ 10 ਨਵੰਬਰ ਨੂੰ ਲੰਡਨ ਦੇ ਓਲਡ ਬਿਲਿੰਗਸਗੇਟ ਵਿਖੇ ਹੋਣ ਵਾਲੇ ਇਕ ਸ਼ਾਨਦਾਰ ਸਮਾਰੋਹ ‘ਚ ਕੀਤਾ ਜਾਵੇਗਾ। ਬੁੱਕਰ ਪ੍ਰਾਈਜ਼ ਫਾਊਂਡੇਸ਼ਨ ਨੇ ਕਿਹਾ ਕਿ ਦੇਸਾਈ ਦੀ ਮਾਂ ਅਨੀਤਾ ਦੇਸਾਈ ਤਿੰਨ ਵਾਰ ਬੁੱਕਰ ਪ੍ਰਾਈਜ਼ ਲਈ ਦਾਅਵੇਦਾਰਾਂ ‘ਚੋਂ ਇਕ ਰਹੀ ਹੈ। ਜੇ ਕਿਰਨ ਦੇਸਾਈ ਇਹ ਪੁਰਸਕਾਰ ਜਿੱਤ ਜਾਂਦੀ ਹੈ, ਤਾਂ 56 ਸਾਲਾ ਇਤਿਹਾਸ ‘ਚ 2 ਵਾਰ ਬੁਕਰ ਪੁਰਸਕਾਰ ਜਿੱਤਣ ਵਾਲੀ 5ਵੀਂ ਜੇਤੂ ਹੋਵੇਗੀ।
ਬੁੱਕਰ ਪੁਰਸਕਾਰ ਜੇਤੂ ਭਾਰਤੀ ਲੇਖਿਕਾ ਕਿਰਨ ਦੇਸਾਈ ਮੁੜ ਪੁਰਸਕਾਰ ਦੀ ਦੌੜ ‘ਚ ਸ਼ਾਮਲ
