ਸਰੀ, 29 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)– ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿਖੇ ਸਥਿਤ ਵਿਧਾਨ ਸਭਾ ਵਿਚ ਚਲਦੇ ਹਾਊਸ ਦੌਰਾਨ ਚੜ੍ਹਦੀ ਕਲਾ ਬ੍ਰਦਰਹੁਡਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਸਮਾਜਿਕ ਤੇ ਮਨੁੱਖੀ ਭਲਾਈ ਦੇ ਉਪਰਾਲਿਆਂ ਦੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਕੀਤੀ ਗਈ।
ਉੱਚ ਸਿੱਖਿਆ ਮੰਤਰੀ ਜੈਸੀ ਸੁੰਨੜ ਨੇ ਹਾਊਸ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਵੱਲੋਂ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਦੀ ਅਗਵਾਈ ਹੇਠ ਸਮਾਜਿਕ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਲੜੀਵਾਰ ਯਤਨਾਂ ਦਾ ਵਿਸਥਾਰ ਵਿਚ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਸਥਾਨਕ ਪੱਧਰ ‘ਤੇ ਮਨੁੱਖਤਾ ਦੀ ਸੇਵਾ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੀ ਹੈ।
ਇਸ ਮੌਕੇ ਵਿਧਾਇਕ ਬਰਾਇਨ ਟੈਪਰ ਨੇ ਐਸੋਸੀਏਸ਼ਨ ਦੇ ਉਪਰਾਲਿਆਂ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਥਾ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 12 ਹਜ਼ਾਰ ਡਾਲਰ ਦੀ ਰਕਮ ਭੇਜਣਾ, ਖੂਨਦਾਨ ਕੈਂਪ, ਸਫਾਈ ਮੁਹਿੰਮਾਂ ਅਤੇ ਬੀ.ਸੀ. ਚਿਲਡਰਨ ਹਸਪਤਾਲ ਲਈ ਖਿਡੌਣਿਆਂ ਦਾ ਦਾਨ ਕਰਨਾ – ਇਹ ਸਾਰੇ ਕਦਮ ਐਸੋਸੀਏਸ਼ਨ ਦੀ ਸਮਰਪਿਤ ਭਾਵਨਾ ਦੇ ਪ੍ਰਤੀਕ ਹਨ।
ਇਸ ਮੌਕੇ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਐਡਵੋਕੇਟ ਅਵਤਾਰ ਸਿੰਘ ਧਨੋਆ, ਹਰਪ੍ਰੀਤ ਸਿੰਘ ਮਾਨਕਟਲਾ, ਮਲਕੀਤ ਸਿੰਘ ਢੱਡੇ ਅਤੇ ਦਮਨਜੀਤ ਸਿੰਘ ਬਾਸੀ ਮੌਜੂਦ ਸਨ। ਮਾਈਨਿੰਗ ਮੰਤਰੀ ਜਗਰੂਪ ਸਿੰਘ ਬਰਾੜ ਵੱਲੋਂ ਐਸੋਸੀਏਸ਼ਨ ਦੇ ਮੈਂਬਰਾਂ ਦੇ ਸਨਮਾਨ ਵਿਚ ਇੱਕ ਚਾਹ ਪਾਰਟੀ ਦਿੱਤੀ ਗਈ। ਸ. ਬਰਾੜ ਨੇ ਐਸੋਸੀਏਸ਼ਨ ਦੀ ਸਮਾਜ ਸੇਵਾ ਪ੍ਰਤੀ ਨਿਸ਼ਕਾਮ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਮਾਜਿਕ ਏਕਤਾ ਤੇ ਭਲਾਈ ਲਈ ਪ੍ਰੇਰਣਾਦਾਇਕ ਉਦਾਹਰਣ ਹਨ।
ਬੀ.ਸੀ. ਵਿਧਾਨ ਸਭਾ ‘ਚ ਚੜ੍ਹਦੀ ਕਲਾ ਬ੍ਰਦਰਹੁਡਜ਼ ਵੈੱਲਫੇਅਰ ਐਸੋਸੀਏਸ਼ਨ ਦੇ ਭਲਾਈ ਉਪਰਾਲਿਆਂ ਦੀ ਸ਼ਲਾਘਾ

