#CANADA

ਬੀ.ਸੀ. ਚੋਣਾਂ-2024; ਵੈਨਕੂਵਰ ਦੇ ਇੱਕ ਹਲਕੇ ਦੇ ਚੀਨੀ ਮੂਲ ਦੇ ਉਮੀਦਵਾਰ ਦਾ ਪੰਜਾਬੀ ਪਿਆਰ ਚਰਚਾ ‘ਚ

ਸਰੀ (ਕੈਨੇਡਾ), 14 ਅਕਤੂਬਰ (ਗੁਰਪ੍ਰੀਤ ਸਿੰਘ ਤਲਵੰਡੀ/ਪੰਜਾਬ ਮੇਲ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਸੁਬਾਈ ਚੋਣਾਂ ਵਿਚ ਵੱਖ-ਵੱਖ ਰਾਜਸੀ ਧਿਰਾਂ ਬੜੇ ਹੀ ਧੜੱਲੇ ਨਾਲ ਆਪੋ-ਆਪਣੇ ਚੋਣ ਪ੍ਰਚਾਰ ਵਿਚ ਜੁੱਟੀਆਂ ਹੋਈਆਂ ਹਨ। ਉਮੀਦਵਾਰਾਂ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਭਾਰਤੀ ਸਿਆਸਤਦਾਨਾਂ ਵਾਂਗ ਫੋਕੇ ਵਾਅਦਿਆਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ (ਵੈਨਕੂਵਰ, ਸਰੀ) ਵਿਚ ਪੰਜਾਬੀਆਂ ਦੀ ਸੰਘਣੀ ਵਸੋਂ ਹੈ। ਪੰਜਾਬੀ ਹੋਰਨਾਂ ਕੌਮਾਂ ਨਾਲੋਂ ਵੋਟਾਂ ਦਾ ਇਸਤੇਮਾਲ ਕਰਨ ਲਈ ਵੀ ਹਮੇਸ਼ਾ ਮੋਹਰੀ ਰਹਿੰਦੇ ਹਨ। ਇਹੀ ਵੱਡਾ ਕਾਰਨ ਹੈ ਕਿ ਬਹੁਤੇ ਇਲਾਕਿਆਂ ਤੋਂ ਵੱਖ-ਵੱਖ ਸਿਆਸੀ ਧਿਰਾਂ ਵਲੋਂ ਜ਼ਿਆਦਾਤਰ ਪੰਜਾਬੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਪ੍ਰੰਤੂ ਇਸ ਸਭ ਕੁੱਝ ਦੇ ਬਾਵਜੂਦ ਵੈਨਕੂਵਰ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਹਲਕਾ ਵੈਨਕੂਵਰ-ਫਰੇਜ਼ਰਵਿਊ ਤੋਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜਾਰਜ ਚਾਓ ਕਾਫੀ ਧਿਆਨ ਖਿੱਚ ਰਹੇ ਹਨ। ਜਾਰਜ ਚਾਓ ਚੀਨੀ ਮੂਲ ਦੇ ਵਿਅਕਤੀ ਹਨ ਅਤੇ ਪਹਿਲਾਂ ਵੀ ਸੂਬੇ ਦੇ ਵਪਾਰ ਨਾਲ ਸੰਬੰਧਿਤ ਮੰਤਰੀ ਰਹਿ ਚੁੱਕੇ ਹਨ। ਅਤੇ ਹੁਣ ਪ੍ਰੀਮੀਅਰ ਡੇਵਿਡ ਈਬੀ ਦੀ ਵਜ਼ਾਰਤ ਵਿਚ ਸਿਟੀਜ਼ਨ ਸੇਵਾਵਾਂ ਬਾਰੇ ਮੰਤਰੀ ਹਨ। 19 ਅਕਤੂਬਰ ਨੂੰ ਹੋਣ ਵਾਲੀਆਂ ਇਨ੍ਹਾਂ ਸੂਬਾਈ ਚੋਣਾਂ ਵਿਚ ਉਨ੍ਹਾਂ ਖਿਲ਼ਾਫ ਬੀ.ਸੀ. ਕੰਜ਼ਰਵੇਟਿਵ ਦੇ ਜਗ ਸਿੰਘ ਸੰਘੇੜਾ ਅਤੇ ਗਰੀਨ ਪਾਰਟੀ ਦੀ ਉਮੀਦਵਾਰ ਫਰੈਂਕੁਆਇਸ ਰਾਉਨੇਟ ਚੋਣ ਲੜ ਰਹੀ ਹੈ। ਚਾਓ ਦੀ ਚਰਚਾ ਦਾ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਆਪਣੇ ਪ੍ਰਚਾਰ ਲਈ ਵੱਡ ਅਕਾਰੀ ਬੋਰਡਾਂ ਤੇ ਪੰਜਾਬੀ ਭਾਸ਼ਾ ਨੂੰ ਵੱਡੀ ਪਹਿਲ ਦਿੱਤੀ ਹੈ। ਭਾਵੇਂ ਇਸਦੇ ਨਾਲ ਅੰਗਰੇਜ਼ੀ ਤੇ ਚੀਨੀ ਭਾਸ਼ਾ ਨੂੰ ਵੀ ਅਹਿਮੀਅਤ ਦਿੱਤੀ ਹੈ, ਲੇਕਿਨ ਪੰਜਾਬੀ ਵਿਚ ਵੱਡੇ ਅੱਖਰਾਂ ਵਿਚ ਲਿਖਿਆ ਉਮੀਦਵਾਰ ਦਾ ਨਾਮ ‘ਤੇ ਵੋਟਾਂ ਲਈ ਕੀਤੀ ਗਈ ਅਪੀਲ ਹਰ ਇੱਕ ਦਾ ਧਿਆਨ ਖਿੱਚਦੀ ਹੈ। ਦੂਸਰੇ ਪਾਸੇ ਪੰਜਾਬੀ ਵਸੋਂ ਵਾਲਾ ਹਲਕਾ ਹੋਣ ਦੇ ਬਾਵਜੂਦ ਦੂਸਰੇ ਉਮੀਦਵਾਰਾਂ ਦੁਆਰਾ ਪੰਜਾਬੀ ਨੂੰ ਅਹਿਮੀਅਤ ਨਹੀਂ ਦਿੱਤੀ ਗਈ। ਭਾਵੇਂ ਕਈ ਸਿਆਸੀ ਮਾਹਿਰ ਇਹ ਮੰਨਦੇ ਹਨ ਕਿ ਇਹ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਇੱਕ ਤਰੀਕਾ ਹੈ, ਲੇਕਿਨ ਜੇਕਰ ਅਜਿਹਾ ਮੰਨ ਵੀ ਲਿਆ ਜਾਵੇ, ਤਾਂ ਪੰਜਾਬੀਆਂ ਦੇ ਗੜ੍ਹ ਸਰੀ ਵਿਚ ਕਿਸੇ ਉਮੀਦਵਾਰ ਨੇ ਆਪਣੀ ਪ੍ਰਚਾਰ ਸਮੱਗਰੀ ਵਿਚ ਪੰਜਾਬੀ ਨੂੰ ਥਾਂ ਹੀ ਨਹੀਂ ਦਿੱਤੀ, ਜੇਕਰ ਕਿਸੇ ਇੱਕ ਅੱਧੇ ਉਮੀਦਵਾਰ ਨੇ ਪੰਜਾਬੀ ਲਿਖੀ ਵੀ ਹੈ, ਤਾਂ ਬਹੁਤ ਹੀ ਬਰੀਕ ਅੱਖਰਾਂ ਵਿਚ, ਜਿਸ ਤੋਂ ਇਨ੍ਹਾਂ ਪੰਜਾਬੀ ਉਮੀਦਵਾਰਾਂ ਦਾ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਝਲਕਦਾ ਹੈ। ਦੂਸਰੇ ਪਾਸੇ ਜਦ ਉਕਤ ਜਾਰਜ ਚਾਓ ਦਾ ਫੇਸਬੁੱਕ ਅਕਾਊਂਟ ਖੋਲ੍ਹ ਕੇ ਦੇਖਿਆ, ਤਾਂ ਉਨ੍ਹਾਂ ਦੁਆਰਾ ਕਾਮਾਗਾਟਾਮਾਰੂ ਜਹਾਜ਼ ਦੇ ਘਟਨਾਕ੍ਰਮ ਵਿਚ ਨਸਲੀ ਵਿਤਕਰੇ ਖਿਲਾਫ ਲੜਨ ਵਾਲੇ ਯੋਧਿਆਂ ਨੂੰ ਯਾਦ ਕਰਨ ਸਮੇਤ ਅਜਿਹੀਆਂ ਪੋਸਟਾਂ ਦਿਖਾਈ ਦਿੰਦੀਆਂ ਹਨ, ਜਿਸ ਕਾਰਨ ਚਾਓ ਦਾ ਪੰਜਾਬੀ ਭਾਈਚਾਰੇ ਪ੍ਰਤੀ ਲਗਾਓ ਦਿਖਾਈ ਦਿੰਦਾ ਹੈ। ਸੋ, ਵੱਖ-ਵੱਖ ਸਿਆਸੀ ਧਿਰਾਂ ਵਲੋਂ ਚੋਣਾਂ ਲੜ ਰਹੇ ਪੰਜਾਬੀ ਉਮੀਦਵਾਰਾਂ ਨੂੰ ਵੀ ਚਾਓ ਵਾਂਗ ਆਪਣੀ ਭਾਸ਼ਾ ਨੂੰ ਵਧੇਰੇ ਤਰਜੀਹ ਦੇਣ ਦੀ ਲੋੜ ਹੈ।