ਜਲੰਧਰ, 13 ਮਾਰਚ (ਪੰਜਾਬ ਮੇਲ)- ਜਿਉਂ-ਜਿਉਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਪੰਜਾਬ ਵਿਚ ਬਹੁਤ ਸਾਰੀਆਂ ਪਾਰਟੀਆਂ ਦੇ ਤੋੜ-ਵਿਛੋੜੇ ਹੋ ਰਹੇ ਹਨ, ਉਥੇ ਪਾਰਟੀ ਆਗੂਆਂ ਵੱਲੋਂ ਕੁੱਝ ਪੁਰਾਣੇ ਰੁੱਸੇ ਹੋਏ ਵਰਕਰਾਂ ਨੂੰ ਦੁਬਾਰਾ ਕਲਾਵੇ ਵਿਚ ਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਪੰਜਾਬ ਦੀ ਸਾਬਕਾ ਮੰਤਰੀ ਬੀਬੀ ਜਗੀਰ ਕੌਰ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਵੱਖ ਹੀ ਗਈ ਸੀ, ਉਸ ਨੂੰ ਵੀ ਦੁਬਾਰਾ ਪਾਰਟੀ ਵਿਚ ਲਿਆਉਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ। ਮਿਲੀ ਸੂਚਨਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਦ ਹੀ ਬੇਗੋਵਾਲ ਵਿਚ ਡੇਰਾ ਬਾਬਾ ਪ੍ਰੇਮ ਸਿੰਘ ਮੁਰਾਲੇਵਾਲੇ ਵਿਚ ਪਹੁੰਚ ਕੇ ਬੀਬੀ ਜਗੀਰ ਕੌਰ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਹੋਰ ਵੀ ਆਗੂ ਵਿਸ਼ੇਸ਼ ਤੌਰ ‘ਤੇ ਬੀਬੀ ਜਗੀਰ ਕੌਰ ਕੋਲ ਪਹੁੰਚ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੁੱਝ ਹੋਰ ਆਗੂ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਰੁੱਸ ਕੇ ਵੱਖ ਹੋ ਗਏ ਸਨ, ਉਹ ਵਾਪਸ ਪਰਤ ਆਏ ਹਨ। ਜਿਨ੍ਹਾਂ ਵਿਚ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੀ ਪਿਛਲੇ ਦਿਨੀਂ ਆਪਣਾ ਦਲ ਭੰਗ ਕਰਕੇ ਵਾਪਸ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਲ ਹੋਏ ਹਨ।