-ਭਗਵਾਂ ਪਾਰਟੀ ਦੀ ਸੂਬੇ ਦੇ ਸਿੱਖਾਂ ਦੀਆਂ ਵੋਟਾਂ ‘ਤੇ ਅੱਖ
ਚੰਡੀਗੜ੍ਹ, 1 ਅਗਸਤ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਵੱਲੋਂ ਰੇਲਵੇ ਤੇ ਫੂਡ ਪ੍ਰੋਸੈਸਿੰਗ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਵਿਚ ਭੇਜਿਆ ਜਾ ਸਕਦਾ ਹੈ। ਬਿੱਟੂ ਹਰਿਆਣਾ ਵਿਚ ਖ਼ਾਲੀ ਪਈ ਇਕੋ-ਇਕ ਰਾਜ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ।
ਸੂਤਰਾਂ ਨੇ ਦੱਸਿਆ ਕਿ ਬਿੱਟੂ ਨੂੰ ਹਰਿਆਣਾ ‘ਚ ਖ਼ਾਲੀ ਪਈ ਰਾਜ ਸਭਾ ਦੀ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਭਗਵਾਂ ਪਾਰਟੀ ਦੀ ਅੱਖ ਹਰਿਆਣਾ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਸੂਬੇ ਵਿਚ ਚੰਗਾ ਪ੍ਰਭਾਵ ਰੱਖਦੇ ਸਿੱਖ ਭਾਈਚਾਰੇ ਦੀਆਂ ਵੋਟਾਂ ‘ਤੇ ਲੱਗੀ ਹੋਈ ਹੈ। ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦਾ ਪੋਤਾ ਹੈ। ਬੇਅੰਤ ਸਿੰਘ ਦੀ 1995 ਵਿਚ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। ਭਾਜਪਾ ਕੋਲ ਸੂਬੇ ਵਿਚ ਕੋਈ ਵੀ ਪ੍ਰਸਿੱਧ ਸਿੱਖ ਚਿਹਰਾ ਨਹੀਂ ਹੈ, ਜਿਸ ਵਾਸਤੇ ਪਾਰਟੀ ਕੇਂਦਰੀ ਰਾਜ ਮੰਤਰੀ ਬਿੱਟੂ ਦੇ ਨਾਂ ‘ਤੇ ਵਿਚਾਰ ਕਰ ਰਹੀ ਹੈ।
ਬਿੱਟੂ ਦੀ ਨਾਮਜ਼ਦਗੀ ਨਾਲ ਸਿੱਖ ਜਥੇਬੰਦੀਆਂ ਵੱਲੋਂ ਹਰਿਆਣਾ ਵਿਚ ਸਿੱਖ ਭਾਈਚਾਰੇ ਨੂੰ ਢੁਕਵੀਂ ਨੁਮਾਇੰਦਗੀ ਨਾ ਦੇਣ ਦੇ ਲਗਾਏ ਜਾਂਦੇ ਦੋਸ਼ਾਂ ਨੂੰ ਵੀ ਠੱਲ੍ਹ ਪਵੇਗੀ। ਇਕ ਸੀਨੀਅਰ ਪਾਰਟੀ ਆਗੂ ਨੇ ਕਿਹਾ ਕਿ ਬਿੱਟੂ ਦੀ ਰਾਜ ਸਭਾ ਲਈ ਨਾਮਜ਼ਦਗੀ ਬਾਜ਼ੀ ਪਲਟਣ ਵਾਲੀ ਸਾਬਿਤ ਹੋ ਸਕਦੀ ਹੈ। ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਲੁਧਿਆਣਾ ਤੋਂ ਭਾਜਪਾ ਦੀ ਟਿਕਟ ‘ਤੇ ਹਾਰਨ ਤੋਂ ਬਾਅਦ ਬਿੱਟੂ ਕੋਲ ਦਸੰਬਰ ਮਹੀਨੇ ਦੇ ਅੱਧ ਤੱਕ ਦਾ ਸਮਾਂ ਹੈ। ਉਦੋਂ ਤੱਕ ਉਨ੍ਹਾਂ ਨੂੰ ਚੁਣ ਕੇ ਸੰਸਦ (ਲੋਕ ਸਭਾ ਜਾਂ ਰਾਜ ਸਭਾ) ਵਿਚ ਪਹੁੰਚਣਾ ਹੋਵੇਗਾ। ਇਸ ਵੇਲੇ ਹਰਿਆਣਾ ਸਰਕਾਰ ਵਿਚ ਵੀ ਕੋਈ ਸਿੱਖ ਮੰਤਰੀ ਨਹੀਂ ਹੈ ਕਿਉਂਕਿ ਨਾਇਬ ਸਿੰਘ ਸੈਣੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੂਬੇ ਦੇ ਇੱਕੋ ਇੱਕ ਸਿੱਖ ਭਾਜਪਾ ਵਿਧਾਇਕ ਸੰਦੀਪ ਸਿੰਘ ਨੂੰ ਵੀ ਮੰਤਰੀ ਮੰਡਲ ਤੋਂ ਲਾਂਭੇ ਕਰ ਦਿੱਤਾ ਗਿਆ ਸੀ।