#INDIA

ਬਿਸ਼ਨੋਈ ਗਿਰੋਹ ਦਾ ਸਾਬਕਾ ਮੈਂਬਰ ਜਗਦੀਪ ਸਿੰਘ ਉਰਫ਼ ਜੱਗਾ ਅਮਰੀਕਾ ‘ਚ ਗ੍ਰਿਫ਼ਤਾਰ

-ਭਾਰਤ ਲਿਆਉਣ ਲਈ ਕਾਨੂੰਨੀ ਚਾਰਾਜੋਈ ਸ਼ੁਰੂ
ਅਬੋਹਰ/ਸ੍ਰੀਗੰਗਾਨਗਰ, 20 ਨਵੰਬਰ (ਪੰਜਾਬ ਮੇਲ)- ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਨੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਸਾਬਕਾ ਸਰਗਰਮ ਮੈਂਬਰ ਤੇ ਮੌਜੂਦਾ ਸਮੇਂ ਰੋਹਿਤ ਗੋਦਾਰਾ ਗਿਰੋਹ ਲਈ ਕੰਮ ਕਰਦੇ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗਾ ਨੂੰ ਅਮਰੀਕਾ ਵਿਚ ਕੈਨੇਡਾ ਨਾਲ ਲੱਗਦੀ ਸਰਹੱਦ ਤੋਂ ਗ੍ਰਿਫਤਾਰ ਕੀਤਾ ਹੈ। ਜੱਗਾ ਦੀ ਗ੍ਰਿਫ਼ਤਾਰੀ ਵਿਚ ਰਾਜਸਥਾਨ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਦੀ ਅਹਿਮ ਭੂਮਿਕਾ ਰਹੀ ਹੈ। ਏ.ਜੀ.ਟੀ.ਐੱਫ. ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੱਗਾ ਨੂੰ ਭਾਰਤ ਵਾਪਸ ਲਿਆਉਣ ਲਈ ਕਾਨੂੰਨੀ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਜੱਗਾ, ਜੋ ਧੂਰਕੋਟ ਪੰਜਾਬ ਦਾ ਵਸਨੀਕ ਹੈ, ਲੰਮੇ ਸਮੇਂ ਤੋਂ ਭਗੌੜਾ ਸੀ ਤੇ ਏ.ਜੀ.ਟੀ.ਐੱਫ. ਦੀਆਂ ਟੀਮਾਂ ਪੂਰੀ ਸਰਗਰਮੀ ਨਾਲ ਉਸ ਦੀ ਭਾਲ ਕਰ ਰਹੀਆਂ ਸਨ।
ਜੱਗੇ ਦਾ ਗਿਰੋਹ ਮੁੱਖ ਤੌਰ ‘ਤੇ ਪੰਜਾਬ ਅਤੇ ਰਾਜਸਥਾਨ ਵਿਚ ਸਰਗਰਮ ਹੈ। ਉਸ ਖਿਲਾਫ ਪੰਜਾਬ ਵਿਚ ਇਕ ਦਰਜਨ ਤੋਂ ਵੱਧ ਮਾਮਲੇ ਦਰਜ ਹਨ ਅਤੇ ਅਦਾਲਤ ਨੇ ਉਸ ਨੂੰ ਭਗੌੜਾ ਭਗੌੜਾ ਅਪਰਾਧੀ ਐਲਾਨਿਆ ਹੋਇਆ ਹੈ। ਮਾਰਚ 2017 ‘ਚ ਜੱਗਾ ਨੂੰ ਜੋਧਪੁਰ ਦੇ ਪ੍ਰਤਾਪ ਨਗਰ ਥਾਣਾ ਖੇਤਰ ‘ਚ ਡਾ. ਸੁਨੀਲ ਚੰਦਕ ‘ਤੇ ਫਾਇਰਿੰਗ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨਾਲ ਜੇਲ੍ਹ ਭੇਜਿਆ ਗਿਆ ਸੀ। ਉਹ ਸਤੰਬਰ 2017 ਵਿਚ ਜੋਧਪੁਰ ਦੇ ਸਰਦਾਰਪੁਰਾ ਥਾਣਾ ਖੇਤਰ ਵਿਚ ਵਾਸੂਦੇਵ ਅਸਰਾਨੀ ਦੇ ਕਤਲ ਵਿਚ ਵੀ ਸ਼ਾਮਲ ਸੀ। ਜ਼ਮਾਨਤ ਮਿਲਣ ਤੋਂ ਬਾਅਦ, ਉਹ ਕਰੀਬ ਤਿੰਨ ਸਾਲ ਪਹਿਲਾਂ ਦੁਬਈ ਭੱਜ ਗਿਆ ਸੀ ਅਤੇ ਉਥੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਚਲਾ ਗਿਆ ਸੀ।
ਇਸ ਮਹੀਨੇ ਦੌਰਾਨ ਰਾਜਸਥਾਨ ਏ.ਜੀ.ਟੀ.ਐੱਫ. ਦੀ ਇਹ ਦੂਜੀ ਵੱਡੀ ਪ੍ਰਾਪਤੀ ਹੈ। ਇਸ ਤੋਂ ਪਹਿਲਾਂ ਏ.ਜੀ.ਟੀ.ਐੱਫ. ਅਤੇ ਐੱਨ.ਆਈ.ਏ. ਦੀ ਇੰਟਰਪੋਲ ਸ਼ਾਖਾ ਵੱਲੋਂ ਸਾਂਝੇ ਰੂਪ ‘ਚ ਚਲਾਏ ਇਕ ਕੌਮਾਂਤਰੀ ਆਪ੍ਰੇਸ਼ਨ ਤੋਂ ਬਾਅਦ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਨੈੱਟਵਰਕ ਦੇ ਇਕ ਮੁੱਖ ਮੈਂਬਰ ਅਮਿਤ ਸ਼ਰਮਾ ਉਰਫ਼ ਜੈਕ ਪੰਡਿਤ ਨੂੰ ਅਮਰੀਕਾ ਵਿਚ ਹਿਰਾਸਤ ‘ਚ ਲਿਆ ਗਿਆ ਸੀ।
ਅਮਿਤ ਸ਼ਰਮਾ, ਜੋ ਕਦੇ ਲਾਰੈਂਸ ਬਿਸ਼ਨੋਈ ਗਰੋਹ ਦਾ ਮੁੱਖ ਸੰਚਾਲਕ ਸੀ, ਨੇ ਬਾਅਦ ਵਿਚ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨਾਲ ਸਾਂਝ ਪਾ ਲਈ। ਉਸ ਦੀ ਮੁੱਖ ਭੂਮਿਕਾ ਵਿੱਤੀ ਤਾਲਮੇਲ, ਵਿਦੇਸ਼ਾਂ ਵਿਚ ਜਬਰੀ ਵਸੂਲੀ ਅਤੇ ਹਵਾਲਾ ਲੈਣ-ਦੇਣ ਨੂੰ ਸੰਭਾਲਣਾ ਅਤੇ ਭਾਰਤ ਵਿਚ ਅਪਰਾਧਿਕ ਸਰਗਰਮੀਆਂ ਲਈ ਫੰਡ ਦੇਣਾ ਸੀ।
ਅਧਿਕਾਰਤ ਸੂਤਰਾਂ ਅਨੁਸਾਰ ਅਮਰੀਕੀ ਏਜੰਸੀਆਂ ਨੇ ਭਾਰਤੀ ਅਧਿਕਾਰੀਆਂ ਤੋਂ ਰੈੱਡ ਕਾਰਨਰ ਨੋਟਿਸ ਅਤੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਗੈਂਗਸਟਰ ਨੂੰ ਹਿਰਾਸਤ ਵਿਚ ਲਿਆ। ਹੁਣ ਉਸ ਨੂੰ ਰਾਜਸਥਾਨ, ਪੰਜਾਬ ਅਤੇ ਹਰਿਆਣਾ ਵਿਚ ਦਰਜ ਕਈ ਅਪਰਾਧਿਕ ਮਾਮਲਿਆਂ ਵਿਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਸੂਤਰਾਂ ਨੇ ਦੱਸਿਆ ਕਿ ਰਾਜਸਥਾਨ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਕ੍ਰਾਈਮ ਐਂਡ ਏ. ਜੀ. ਟੀ. ਐੱਫ.) ਦਿਨੇਸ਼ ਐੱਮ.ਐੱਨ. ਦੇ ਨਿਰਦੇਸ਼ਾਂ ਹੇਠ, ਏ. ਜੀ. ਟੀ. ਐੱਫ. ਨੇ ਅਮਰੀਕਾ ਪਹੁੰਚਣ ਤੋਂ ਪਹਿਲਾਂ ਅਮਿਤ ਸ਼ਰਮਾ ਦੀਆਂ ਦੁਬਈ, ਸਪੇਨ ਅਤੇ ਕਈ ਹੋਰ ਦੇਸ਼ਾਂ ਰਾਹੀਂ ਸਰਗਰਮੀਆਂ ਦਾ ਪਤਾ ਲਗਾਇਆ।