#AMERICA

ਬਿਲ ਗੇਟਸ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਕਮਲਾ ਹੈਰਿਸ ਨੂੰ 50 ਮਿਲੀਅਨ ਡਾਲਰ ਦੇ ਦਾਨ ਨਾਲ ਸਮਰਥਨ ਦੇਣ ਦਾ ਐਲਾਨ

ਵਾਸ਼ਿੰਗਟਨ, 23 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਚੋਣ ਲਈ ਵੋਟਾਂ ਪੈਣ ਵਿਚ ਸਿਰਫ਼ ਦੋ ਕੁ ਹਫ਼ਤੇ ਬਾਕੀ ਹਨ। ਰਿਪਬਲਿਕਨ ਅਤੇ ਡੈਮੋਕ੍ਰੇਟਿਕ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਸਾਰੇ ਸਰਵੇਖਣ ਕਮਲਾ ਹੈਰਿਸ ਦੇ ਪੱਖ ਵਿਚ ਜਾ ਰਹੇ ਹਨ। ਉਹ ਸਵਿੰਗ ਰਾਜਾਂ ਵਿਚ ਟਰੰਪ ਤੋਂ 2.5 ਪ੍ਰਤੀਸ਼ਤ ਅੰਕਾਂ ਨਾਲ ਅੱਗੇ ਹੈ। ਹਾਲਾਂਕਿ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨਿਰਪੱਖ 5 ਪ੍ਰਤੀਸ਼ਤ ਕਿਸ ਵੱਲ ਝੁਕਣਗੇ। ਇਸ ਪ੍ਰਕਿਰਿਆ ਵਿਚ ਕਮਲਾ ਹੈਰਿਸ ਨੂੰ ਅਰਬਪਤੀਆਂ ਦਾ ਸਮਰਥਨ ਦਿਨੋਂ-ਦਿਨ ਹੋਰ ਵੀ ਵੱਧ ਰਿਹਾ ਹੈ। ਹਾਲ ਹੀ ਵਿਚ ਬਿਲ ਗੇਟਸ ਇਸ ਸੂਚੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਕਮਲਾ ਹੈਰਿਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ, ਜਦਕਿ ਬਿਲ ਗੇਟਸ ਦੀ ਸਾਬਕਾ ਪਤਨੀ ਮੇਲਿੰਡਾ ਗੇਟਸ ਪਹਿਲਾਂ ਹੀ ਡੈਮੋਕ੍ਰੇਟਿਕ ਨੇਤਾ ਦੀ ਸਮਰਥਕ ਹੈ। ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ, ਅਰਬਪਤੀ ਬਿਲ ਗੇਟਸ ਨੇ ਕਮਲਾ ਹੈਰਿਸ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਬਿਲ ਗੇਟਸ ਵੱਲੋਂ 50 ਮਿਲੀਅਨ ਡਾਲਰ ਚੋਣ ਦਾਨ ਵਜੋਂ ਦਿੱਤੇ ਜਾਣਗੇ। ਕਮਲਾ ਪਹਿਲਾਂ ਹੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੰਡ ਇਕੱਠਾ ਕਰਨ ਵਿਚ ਕਾਫੀ ਪਿੱਛੇ ਛੱਡ ਚੁੱਕੀ ਹੈ। ਹਾਲ ਹੀ ਵਿਚ, ਗੇਟਸ ਦੇ ਦਾਨ ਨਾਲ ਉਸ ਰਕਮ ਨੂੰ ਭਰਵਾਂ ਹੁਲਾਰਾ ਮਿਲਿਆ ਹੈ। ਦੱਸਣਯੋਗ ਹੈ ਕਿ ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਣੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਨਿੱਜੀ ਫੋਨ ‘ਤੇ ਗੱਲਬਾਤ ਵਿਚ, ਉਹ ਇਸ ਗੱਲ ਨੂੰ ਲੈ ਕੇ ਚਿੰਤਤ ਸਨ ਕਿ ਦੂਜੀ ਵਾਰ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਕਿਵੇਂ ਹੋਵੇਗਾ। ਜੇਕਰ ਟਰੰਪ ਦੁਬਾਰਾ ਰਾਸ਼ਟਰਪਤੀ ਚੁਣੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਚਿੰਤਾ ਹੈ ਕਿ ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ ਪਰਿਵਾਰ ਨਿਯੋਜਨ ਅਤੇ ਗਲੋਬਲ ਹੈਲਥ ਵਰਕ ਵਿਚ ਕਮੀ ਆਵੇਗੀ। ਹਾਲਾਂਕਿ, ਇਹ ਧਿਆਨ ਦੇਣ ਯੋਗ ਹੈ ਕਿ ਗੇਟਸ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਉਹ ਕਿਸੇ ਵੀ ਉਮੀਦਵਾਰ ਨਾਲ ਕੰਮ ਕਰ ਸਕਦੇ ਹਨ। ਪਰ ਉਨ੍ਹਾਂ ਇਹ ਵੀ ਕਿਹਾ ਕਿ ਇਹ ਚੋਣ ਵੱਖਰੀ ਹੈ। ਮੈਂ ਉਨ੍ਹਾਂ ਉਮੀਦਵਾਰਾਂ ਦਾ ਸਮਰਥਨ ਕਰਦਾ ਹਾਂ, ਜੋ ਸਿਹਤ ਸੰਭਾਲ ਵਿਚ ਸੁਧਾਰ ਕਰਨ, ਗਰੀਬੀ ਘਟਾਉਣ ਅਤੇ ਅਮਰੀਕਾ ਸਮੇਤ ਦੁਨੀਆਂ ਭਰ ਵਿਚ ਜਲਵਾਯੂ ਤਬਦੀਲੀ ਨਾਲ ਲੜਨ ਲਈ ਸਪੱਸ਼ਟ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹਨ। ਮੇਰਾ ਵੱਖ-ਵੱਖ ਸਿਆਸੀ ਪਿਛੋਕੜ ਵਾਲੇ ਨੇਤਾਵਾਂ ਨਾਲ ਕੰਮ ਕਰਨ ਦਾ ਲੰਬਾ ਇਤਿਹਾਸ ਰਿਹਾ ਹੈ। ਪਰ ਇਹ ਚੋਣ ਬਹੁਤ ਵੱਖਰੀ ਹੈ। ਪਰ ਇਹ ਚੋਣ ਅਮਰੀਕੀਆਂ ਅਤੇ ਦੁਨੀਆਂ ਭਰ ਦੇ ਸਭ ਤੋਂ ਕਮਜ਼ੋਰ ਲੋਕਾਂ ਲਈ ਬੇਮਿਸਾਲ ਮਹੱਤਵ ਵਾਲੀ ਹੈ। ਬਿਲ ਗੇਟਸ ਨੇ ਕਿਹਾ, ਜੋਅ ਬਾਇਡਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਅਤੇ ਕਮਲਾ ਹੈਰਿਸ ਨੂੰ ਉਮੀਦਵਾਰ ਐਲਾਨੇ ਜਾਣ ਦਾ ਮੈਂ ਸਵਾਗਤ ਕਰਦਾ ਹਾਂ। ਪਿਛਲੇ ਹਫ਼ਤੇ ਕਮਲਾ ਹੈਰਿਸ 60 ਸਾਲ ਦੀ ਹੋ ਗਈ ਹੈ। ਡੋਨਾਲਡ ਟਰੰਪ 78 ਸਾਲ ਦੇ ਹਨ। ਬਿਲ ਗੇਟਸ ਦੀ ਸਾਬਕਾ ਪਤਨੀ ਮਿਲਿੰਡਾ ਗੇਟਸ ਪਹਿਲਾਂ ਹੀ ਕਮਲਾ ਹੈਰਿਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਚੁੱਕੀ ਹੈ। ਫੋਰਬਸ ਮੁਤਾਬਕ ਘੱਟੋ-ਘੱਟ 81 ਅਰਬਪਤੀਆਂ ਨੇ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਪਰ, ਵਿਸ਼ਵ ਨੇਤਾ ਐਲੋਨ ਮਸਕ ਨੇ ਟਰੰਪ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਹੈ ਅਤੇ ਉਨ੍ਹਾਂ ਦੀ ਤਰਫੋਂ ਚੋਣ ਪ੍ਰਚਾਰ ਵੀ ਕਰ ਰਹੇ ਹਨ।