#INDIA

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਮਾਮਲੇ ‘ਚ ਦਰਜ F.I.R.

ਨਵੀਂ ਦਿੱਲੀ, 17 ਮਈ (ਪੰਜਾਬ ਮੇਲ)- ਪੁਲਿਸ ਐੱਫ.ਆਈ.ਆਰ. ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੂੰ ਕਥਿਤ ਤੌਰ ‘ਤੇ ਕਈ ਵਾਰ ਲੱਤ ਮਾਰੀ ਅਤੇ ਥੱਪੜ ਮਾਰਿਆ। ਉਹ ਕਈ ਵਾਰ ਮਦਦ ਲਈ ਲਗਾਤਾਰ ਰੌਲਾ ਪਾਉਂਦੀ ਰਹੀ। ਮਾਲੀਵਾਲ ‘ਤੇ ਹੋਏ ਕਥਿਤ ਹਮਲੇ ਦੇ ਵੇਰਵੇ ਅੱਜ ਉਦੋਂ ਸਾਹਮਣੇ ਆਏ ਜਦੋਂ ਰਾਜ ਸਭਾ ਮੈਂਬਰ ਇਸ ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਉਣ ਲਈ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਈ।
ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਅਤੇ ਬਿਭਵ ਕੁਮਾਰ ਨੂੰ ਮਾਮਲੇ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ। ਐੱਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਮਾਲੀਵਾਲ ਮਦਦ ਲਈ ਲਗਾਤਾਰ ਚੀਕ ਰਹੀ ਸੀ ਪਰ ਬਿਭਵ ਕੁਮਾਰ ਉਸ ਦੀ ਛਾਤੀ, ਪੇਟ ਅਤੇ ਉਸ ਦੇ ਸਰੀਰ ਦੇ ਹੇਠਲੇ ਹਿੱਸਿਆਂ ਵਿਚ ਲੱਤਾਂ ਮਾਰਦਾ ਰਿਹਾ। ਆਪਣੀ ਸ਼ਿਕਾਇਤ ਵਿਚ ਮਾਲੀਵਾਲ ਨੇ ਕਿਹਾ ਕਿ ਮੁਲਜ਼ਮ ਨੇ ਉਸ ‘ਤੇ ਪੂਰੀ ਤਾਕਤ ਨਾਲ ਵਾਰ-ਵਾਰ ਹਮਲਾ ਕੀਤਾ ਅਤੇ ਕਥਿਤ ਤੌਰ ‘ਤੇ ਉਸ ਦੇ ਸੱਤ-ਅੱਠ ਥੱਪੜ ਮਾਰੇ।