#INDIA

ਬਿਟਕੁਆਇਨ ਪਹਿਲੀ ਵਾਰ ਇਕ ਲੱਖ ਡਾਲਰ ਤੋਂ ਪਾਰ

ਨਵੀਂ ਦਿੱਲੀ, 5 ਦਸੰਬਰ (ਪੰਜਾਬ ਮੇਲ)- ਜੁਲਾਈ ਮਹੀਨੇ ਦੇ ਆਖਰੀ ਦਿਨਾਂ ‘ਚ ਡੋਨਾਲਡ ਟਰੰਪ ਨੈਸ਼ਵਿਲੇ ਬਿਟਕੁਆਇਨ ਕਾਨਫਰੰਸ ਪੁੱਜੇ ਸਨ, ਉਦੋਂ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ ਇਕ ਸੰਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜਦੋਂ ਉਹ ਸੱਤਾ ‘ਚ ਆਉਣਗੇ, ਤਾਂ ਉਹ ਅਮਰੀਕਾ ਨੂੰ ਦੁਨੀਆਂ ਦੀ ਕ੍ਰਿਪਟੋ ਕੈਪੀਟਲ ਬਣਾ ਦੇਣਗੇ। ਉਸ ਦਿਨ ਬਿਟਕੁਆਇਨ ਦੀਆਂ ਕੀਮਤਾਂ ‘ਚ 4 ਫੀਸਦੀ ਤੋਂ ਜ਼ਿਆਦਾ ਉਛਾਲ ਦੇਖਣ ਨੂੰ ਮਿਲਿਆ ਸੀ ਤੇ ਕੀਮਤਾਂ 67,000 ਡਾਲਰ ਦੇ ਕਰੀਬ ਸਨ। ਨਵੰਬਰ ਦੇ ਪਹਿਲੇ ਹਫਤੇ ਜਾਂ ਇਹ ਕਹਿ ਲਵੋ ਕਿ ਜਦੋਂ ਅਮਰੀਕੀ ਚੋਣਾਂ ਦੇ ਨਤੀਜੇ ਆ ਰਹੇ ਸਨ, ਉਦੋਂ ਬਿਟਕੁਆਇਨ ਦੀ ਕੀਮਤ 67 ਤੋਂ 68 ਹਜ਼ਾਰ ਡਾਲਰ ਵਿਚਕਾਰ ਸੀ, ਪਰ ਇਸ ਗੱਲ ਦਾ ਅੰਦਾਜ਼ਾ ਨਾ ਨੈਸ਼ਵਿਲੇ ਕਾਨਫਰੰਸ ਦੌਰਾਨ ਸੀ ਤੇ ਨਾ ਹੀ ਅਮਰੀਕੀ ਚੋਣਾਂ ‘ਚ, ਕਿ ਟਰੰਪ ਦੀ ਜਿੱਤ ਤੋਂ ਬਾਅਦ ਦੁਨੀਆਂ ਦੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਬਿਟਕੁਆਇਨ ਦੀ ਕੀਮਤ 1 ਲੱਖ ਡਾਲਰ ਪਾਰ ਚਲੀ ਜਾਵੇਗੀ। 5 ਨਵੰਬਰ ਤੋਂ ਬਾਅਦ ਬਿਟਕੁਆਇਨ ਦੀ ਕੀਮਤ ‘ਚ 50 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਕੁਆਇਨ ਮਾਰਕੀਟ ਦੇ ਅੰਕੜਿਆਂ ਅਨੁਸਾਰ ਬਿਟਕੁਆਇਨ 7 ਫੀਸਦੀ ਤੋਂ ਵੱਧ ਤੇਜ਼ੀ ਨਾਲ 1,02,656.65 ਡਾਲਰ ‘ਤੇ ਕਾਰੋਬਾਰ ਕਰ ਰਿਹਾ ਹੈ। ਕਾਰੋਬਾਰੀ ਪੱਧਰ ਦੌਰਾਨ ਬਿਟਕੁਆਇਨ ਦੀ ਕੀਮਤ ਵੀ 1,03,900.47 ਡਾਲਰ ‘ਤੇ ਵੀ ਪਹੁੰਚੀ। ਜਿਸ ਤਰ੍ਹਾਂ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਉਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੀਮਤਾਂ ਹੋਰ ਵੀ ਵਧ ਸਕਦੀਆਂ ਹਨ। ਹਾਲਾਂਕਿ ਬੀਤੇ 24 ਘੰਟਿਆਂ ‘ਚ ਬਿਟਕੁਆਇਨ ਦੀ ਕੀਮਤ 94,660.52 ਡਾਲਰ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ ਸੀ। ਹੁਣ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬਿਟਕੁਆਇਨ ਦੀ ਕੀਮਤ ਜਲਦ ਹੀ 1.25 ਲੱਖ ਡਾਲਰ ਤੱਕ ਪਹੁੰਚ ਸਕਦੀ ਹੈ।
ਜਦੋਂ ਤੋਂ ਅਮਰੀਕੀ ਚੋਣਾਂ ਦੇ ਨਤੀਜੇ ਆਏ ਹਨ, ਉਦੋਂ ‘ਤੋਂ ਦੁਨੀਆਂ ਦੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਬਿਟਕੁਆਇਨ ਦੀ ਕੀਮਤ ‘ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦਾ ਮਤਲਬ ਹੈ ਕਿ ਬਿਟਕੁਆਇਨ ਦੀ ਕੀਮਤ ‘ਚ 50 ਫੀਸਦੀ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਇਕ ਹਫਤੇ ਦੀ ਗੱਲ ਕਰੀਏ ਤਾਂ ਬਿਟਕੁਆਇਨ ਨੇ ਨਿਵੇਸ਼ਕਾਂ ਨੂੰ 8 ਫੀਸਦੀ ਤੋਂ ਜ਼ਿਆਦਾ ਦਾ ਰਿਟਰਨ ਦਿੱਤਾ ਹੈ। ਪਿਛਲੇ ਇਕ ਸਾਲ ‘ਚ ਬਿਟਕੁਆਇਨ ਨੇ ਨਿਵੇਸ਼ਕਾਂ ਨੂੰ 145 ਫੀਸਦੀ ਤੋਂ ਵੱਧ ਦੀ ਕਮਾਈ ਦਿੱਤੀ ਹੈ। ਮਾਹਿਰਾਂ ਦੀ ਮੰਨੀਏ ਤਾਂ ਸਾਲ ਦੇ ਅੰਤ ਤੱਕ ਕਮਾਈ ਦਾ ਇਹ ਅੰਕੜਾ ਵਧਦਾ ਨਜ਼ਰ ਆਵੇਗਾ।
ਉੱਥੇ ਹੀ ਬਿਟਕੁਆਇਨ ਦੇ ਮਾਰਕੀਟ ਕੈਪ ਨੇ ਦੁਨੀਆਂ ਦੇ ਕਈ ਦੇਸ਼ਾਂ ਦੀ ਜੀ.ਡੀ.ਪੀ. ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੁਆਇਨ ਮਾਰਕੀਟ ਕੈਪ ਅਨੁਸਾਰ ਮੌਜੂਦਾ ਸਮੇਂ ‘ਚ ਬਿਟਕੁਆਇਨ ਦਾ ਮਾਰਕੀਟ ਕੈਪ 2 ਟ੍ਰਿਲੀਅਨ ਡਾਲਰ ਤੋਂ ਪਾਰ ਜਾ ਚੁੱਕਾ ਹੈ। ਮੌਜੂਦਾ ਸਮੇਂ ‘ਚ ਦੁਨੀਆਂ ਦੀਆਂ ਟਾਪ 11 ਇਕਾਨਿਮੀ, ਬਿਟਕੁਆਇਨ ਦੇ ਮਾਰਕੀਟ ਕੈਪ ਤੋਂ ਜ਼ਿਆਦਾ ਹਨ। ਖਾਸ ਗੱਲ ਇਹ ਹੈ ਕਿ ਰੂਸ ਦੀ ਜੀ.ਡੀ.ਪੀ. ਤੇ ਬਿਟਕੁਆਇਨ ਦੀ ਮਾਰਕੀਟ ਕੈਪ ‘ਚ ਕਾਫੀ ਮਾਮੂਲੀ ਫਰਕ ਹੈ। ਦੱਖਣੀ ਕੋਰੀਆ, ਮੈਕਸੀਕੋ, ਆਸਟ੍ਰੇਲੀਆ, ਸਪੇਨ ਵਰਗੇ ਵੱਡੇ ਦੇਸ਼ਾਂ ਦੀ ਜੀ.ਡੀ.ਪੀ. ਬਿਟਕੁਆਇਨ ਦੀ ਮਾਰਕੀਟ ਕੈਪ ਦੇ ਸਾਹਮਣੇ ਬੌਣੀ ਦਿਖਾਈ ਦਿੰਦੀ ਹੈ।