– ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਸੀ ਜ਼ਮਾਨਤ
– ਨਾਭਾ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਸਰਕਾਰ ਵਿਰੁੱਧ ਲਾਏ ਗੰਭੀਰ ਦੋਸ਼
ਮਜੀਠਾ, 4 ਫਰਵਰੀ (ਪੰਜਾਬ ਮੇਲ)- ਸੱਤ ਮਹੀਨਿਆਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜੇਲ੍ਹ ‘ਚੋਂ ਬਾਹਰ ਆ ਗਏ ਹਨ। ਇਸ ਦੌਰਾਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਦੇਰ ਸ਼ਾਮ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ।
ਦੱਸ ਦੇਈਏ ਕਿ ਬਿਜਕਮ ਮਜੀਠੀਆ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੇਰ ਸ਼ਾਮ ਆਪਣੇ ਘਰ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਆਪਣੇ ਪਿਤਾ ਤੋਂ ਆਸ਼ੀਰਵਾਦ ਲਿਆ, ਉਥੇ ਹੀ ਉਹ ਆਪਣੇ ਬੱਚਿਆਂ ਨਾਲ ਮਿਲਣ ਤੋਂ ਬਾਅਦ ਮੁੜ ਮੁੱਛਾਂ ਨੂੰ ਤਾਅ ਦਿੰਦੇ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਨਾਭਾ ਜੇਲ੍ਹ ਤੋਂ ਬਾਹਰ ਆਏ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਹਮਲਾਵਰ ਰੁਖ ‘ਚ ਨਜ਼ਰ ਆਏ। ਚਿੱਟੇ ਕੁੜਤੇ-ਪਜਾਮੇ ਵਿਚ ਬਾਹਰ ਨਿਕਲੇ ਮਜੀਠੀਆ ਨੇ ਸਭ ਤੋਂ ਪਹਿਲਾਂ ਆਪਣੀਆਂ ਮੁੱਛਾਂ ਨੂੰ ਤਾਅ ਦਿੱਤਾ ਅਤੇ ਉੱਥੇ ਮੌਜੂਦ ਸਮਰਥਕਾਂ ਦਾ ਧੰਨਵਾਦ ਕੀਤਾ। ਜੇਲ੍ਹ ਦੇ ਮੁੱਖ ਗੇਟ ਤੱਕ ਪੈਦਲ ਆਉਣ ਤੋਂ ਬਾਅਦ ਮਜੀਠੀਆ ਨੇ ਮੀਡੀਆ ਅਤੇ ਸਮਰਥਕਾਂ ਦੇ ਰੂਬਰੂ ਹੁੰਦਿਆਂ ‘ਆਪ’ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ, ‘ਸਰਕਾਰਾਂ ਚਾਹੁੰਦੀ ਸੀ ਕਿ ਮੈਂ ਜ਼ਿੰਦਾ ਬਾਹਰ ਹੀ ਨਾ ਆਵਾਂ। ਪਰ ਪ੍ਰਮਾਤਮਾ ਦੀ ਮਿਹਰ ਸਦਕਾ ਉਹ ਅੱਜ ਸਭ ਦੇ ਵਿਚਕਾਰ ਹਨ।
ਮਜੀਠੀਆ ਨੇ ਮਜ਼ਾਕੀਆ ਲਹਿਜ਼ੇ ‘ਚ ਬੋਲਦਿਆਂ ਕਿਹਾ ਕਿ ਉਨ੍ਹਾਂ ਗ੍ਰਿਫਤਾਰੀ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੇ ਸੂਤਰਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਕਾਲੀ ਆਗੂ ਨੇ ਮੁੱਖ ਮੰਤਰੀ ਵੱਲੋਂ ਹਾਲ ਹੀ ਵਿਚ ਸਾਂਝੇ ਕੀਤੇ ਇੱਕ ਟਵੀਟ ਬਾਰੇ ਟਿੱਪਣੀ ਵੀ ਕੀਤੀ। ਉਨ੍ਹਾਂ ਨੇ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਚਰਨਜੀਤ ਸਿੰਘ ਚੰਨੀ, ਤਰੁਣ ਚੁੱਘ, ਭੈਣ ਹਰਸਿਮਰਤ ਬਾਦਲ ਅਤੇ ਸੁਖਪਾਲ ਖਹਿਰਾ ਦਾ ਧੰਨਵਾਦ ਕਰਦਿਆਂ ਦਾਅਵਾ ਕੀਤਾ ਕਿ ਉਹ ਮਾੜੇ ਸਮੇਂ ਵਿਚ ਉਨ੍ਹਾਂ ਦੇ ਨਾਲ ਖੜ੍ਹੇ ਰਹੇ।
ਰਿਹਾਈ ਤੋਂ ਬਾਅਦ ਉਨ੍ਹਾਂ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ ਅਤੇ ਫ਼ਿਰ ਸਿੱਧਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਮਜੀਠੀਆ ਨੇ ਕਿਹਾ ਕਿ ਉਹ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਲੀਡਰਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ।
ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ ਤੇ ਇਹ ਮਾਮਲਾ ਕਥਿਤ ਤੌਰ ‘ਤੇ 540 ਕਰੋੜ ਰੁਪਏ ਦੀ ਜਾਇਦਾਦ ਨਾਲ ਸਬੰਧਤ ਹੈ। ਸੁਪਰੀਮ ਕੋਰਟ ਦੇ ਬੈਂਚ ਨੇ 2 ਫਰਵਰੀ ਨੂੰ ਪੰਜਾਬ ਸਰਕਾਰ ਦੇ ਵਕੀਲ ਨੂੰ ਪੁੱਛਿਆ ਕਿ ਤੁਸੀਂ ਬਿਕਰਮ ਨੂੰ ਜੇਲ੍ਹ ਅੰਦਰ ਕਿਉਂ ਰੱਖਣਾ ਚਾਹੁੰਦੇ ਹੋ।
ਅਦਾਲਤ ਨੇ ਇਹ ਵੀ ਨੋਟਿਸ ਲਿਆ ਕਿ ਮਜੀਠੀਆ ਪਿਛਲੇ ਸੱਤ ਮਹੀਨਿਆਂ ਤੋਂ ਜੇਲ੍ਹ ਵਿਚ ਹੈ। ਸੁਪਰੀਮ ਕੋਰਟ ਵਲੋਂ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਮਜੀਠੀਆ ਦੀ ਪਟੀਸ਼ਨ ‘ਤੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਸੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੀ ਸੁਣਵਾਈ ਦੌਰਾਨ ਮਜੀਠੀਆ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ। ਅਦਾਲਤ ਨੇ ਕਿਹਾ ਕਿ ਮਾਮਲੇ ਦੇ ਹਾਲਾਤ ਨੂੰ ਦੇਖਦੇ ਹੋਏ ਜ਼ਮਾਨਤ ਦਿੱਤੀ ਜਾ ਰਹੀ ਹੈ। ਅਦਾਲਤ ਨੇ ਖਾਸ ਤੌਰ ‘ਤੇ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਕਿ ਮਜੀਠੀਆ ਨੂੰ ਐੱਨ.ਡੀ.ਪੀ.ਐੱਸ. ਮਾਮਲੇ ਵਿਚ ਸਾਲ 2022 ਵਿਚ ਜ਼ਮਾਨਤ ਮਿਲ ਚੁੱਕੀ ਹੈ, ਜਿਸ ਨੂੰ ਰੱਦ ਕਰਵਾਉਣ ਲਈ ਸੂਬਾ ਸਰਕਾਰ ਦੀ ਪਟੀਸ਼ਨ ਸੁਪਰੀਮ ਕੋਰਟ ਨੇ 2025 ‘ਚ ਖਾਰਜ ਕਰ ਦਿੱਤੀ ਸੀ।
ਸਾਨੂੰ ਨਿਆਂ ਮਿਲਿਆ : ਸੁਖਬੀਰ ਬਾਦਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੁਪਰੀਮ ਕੋਰਟ ਵਲੋਂ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣ ‘ਤੇ ਕਿਹਾ ਕਿ ਇਹ ਸੱਚਾਈ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਪਾਰਟੀ ਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ ਅਤੇ ਸਾਨੂੰ ਨਿਆਂ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਧੱਕੇਸ਼ਾਹੀਆਂ ਦੀ ਫ਼ੈਸਲੇ ਨੇ ਪੋਲ ਖੋਲ੍ਹ ਦਿੱਤੀ ਹੈ। ਸਰਕਾਰ ਵੱਲੋਂ ਬਣਾਏ ਝੂਠੇ ਕੇਸ ਅਦਾਲਤਾਂ ਅੱਗੇ ਟਿਕ ਨਹੀਂ ਸਕਦੇ। ਭਗਵੰਤ ਮਾਨ ਸਰਕਾਰ ਅਤੇ ਪੁਲਿਸ ਵਲੋਂ ਕੀਤੇ ਜਾ ਰਹੇ ਤਸ਼ੱਦਦ ਨੂੰ ਫੈਸਲੇ ਨਾਲ ਠੱਲ੍ਹ ਪਵੇਗੀ ਅਤੇ ਸਰਕਾਰ ਦਾ ਚਿਹਰਾ ਜਨਤਾ ਦੇ ਸਾਹਮਣੇ ਨੰਗਾ ਹੋ ਜਾਵੇਗਾ।
ਰੱਬ ਦੀ ਅਦਾਲਤ ‘ਚ ਦੇਰ ਹੈ ਪਰ ਹਨੇਰ ਨਹੀਂ : ਗਨੀਵ ਕੌਰ
ਨਾਭਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ। ਅਦਾਲਤ ਦੇ ਇਸ ਫੈਸਲੇ ਨੂੰ ‘ਸੱਚ ਦੀ ਜਿੱਤ’ ਕਰਾਰ ਦਿੰਦਿਆਂ ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਸ਼ਾਇਦ ਭੁੱਲ ਗਈ ਸੀ ਕਿ ਸਭ ਤੋਂ ਉੱਪਰ ਇਕ ਰੱਬ ਦੀ ਅਦਾਲਤ ਵੀ ਹੈ, ਜਿੱਥੇ ਦੇਰ ਹੈ ਪਰ ਹਨੇਰ ਨਹੀਂ।
ਗਨੀਵ ਕੌਰ ਨੇ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਪ੍ਰਮਾਤਮਾ ਅਤੇ ਦੇਸ਼ ਦੀ ਸਰਵਉੱਚ ਅਦਾਲਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੰਨੀ ਧੱਕੇਸ਼ਾਹੀ ਕਰਨੀ ਸੀ, ਉਹ ਕਰ ਚੁੱਕੀ ਹੈ ਪਰ ਅੰਤ ਵਿਚ ਇਨਸਾਫ਼ ਦੀ ਜਿੱਤ ਹੋਈ ਹੈ। ਉਨ੍ਹਾਂ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਜਿਨ੍ਹਾਂ ਕੁਰਸੀਆਂ ‘ਤੇ ਉਹ ਬੈਠੇ ਹਨ, ਕੀ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਸ਼ੋਭਾ ਦਿੰਦੀਆਂ ਹਨ?
ਸੱਚ ਦੀ ਹੋਈ ਜਿੱਤ : ਹਰਸਿਮਰਤ ਕੌਰ ਬਾਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਮਗਰੋਂ ਐਕਸ ‘ਤੇ ਗੁਰਬਾਣੀ ਦੀਆਂ ਤੁਕ ‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।।’ ਲਿਖ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ ਕੱਸਦਿਆਂ ਕਿਹਾ ਕਿ ‘ਸੱਚ ਦੀ ਹੋਈ ਜਿੱਤ, ਭਗਵੰਤ ਮਾਨ ਦੇ ਝੂਠ ਹੋਏ ਬੇਨਕਾਬ’। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਕੀਲ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਸਾਂਝੀ ਕੀਤੀ ਵੀਡੀਓ ‘ਚ ਵਕੀਲ ਨੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਮਾਮਲਿਆਂ ਨੂੰ ਲੈ ਕੇ ਸਰਕਾਰ ਦੀ ਕਾਰਵਾਈ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਵੀਡੀਓ ਰਾਹੀਂ ਵਕੀਲ ਵੱਲੋਂ ਦਾਅਵਾ ਕੀਤਾ ਹੈ ਕਿ ਮਜੀਠੀਆ ਵਿਰੁੱਧ ਚੱਲ ਰਹੇ ਕੇਸਾਂ ਵਿਚ ਸੱਚਾਈ ਦੀ ਘਾਟ ਹੈ ਅਤੇ ਇਸੇ ਕਾਰਨ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਈ ਵਾਰ ਰੇਡਾਂ ਕੀਤੀਆਂ ਗਈਆਂ, ਪਰ ਉਨ੍ਹਾਂ ਦੇ ਘਰੋਂ ਪੰਜ ਰੁਪਏ ਤੱਕ ਬਰਾਮਦ ਨਹੀਂ ਹੋਏ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜਿਸ ਡਰੱਗ ਕੇਸ ਦੀ ਗੱਲ ਕੀਤੀ ਜਾ ਰਹੀ ਸੀ, ਉਸ ਵਿਚ ਕੋਈ ਡਰੱਗ ਨਹੀਂ ਮਿਲੀ ਤੇ ਫਿਰ ਹਜ਼ਾਰ ਏਕੜ ਕਿੱਥੇ ਗਏ, ਅੱਜ ਪੰਜਾਬ ਸਰਕਾਰ ਜਵਾਬ ਦੇਵੇ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 540 ਕਰੋੜ ਰੁਪਏ ਦੇ ਦਾਅਵੇ ਕੀਤੇ ਗਏ ਸਨ, ਜਦਕਿ ਅਦਾਲਤ ਵਿਚ ਸਿਰਫ 40 ਕਰੋੜ ਰੁਪਏ ਦਾ ਚਲਾਨ ਪੇਸ਼ ਕੀਤਾ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਉਸ ‘ਚੋਂ ਵੀ 36 ਕਰੋੜ ਰੁਪਏ ਦੀਆਂ ਪ੍ਰੋਪਰਟੀਆਂ ਬਿਕਰਮ ਸਿੰਘ ਮਜੀਠੀਆ ਜਾਂ ਉਨ੍ਹਾਂ ਦੇ ਪਰਿਵਾਰ ਦੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਢੇ 6 ਕਰੋੜ ਰੁਪਏ ਦੀ ਲੌਨ, ਆਮਦਨ ਅਤੇ ਐਗਰੀਕਲਚਰ ਇਨਕਮ (ਖੇਤੀਬਾੜੀ ਆਮਦਨ) ਨੂੰ ਵੀ ਘਟਾ ਕੇ ਪੇਸ਼ ਕੀਤਾ ਸੀ, ਪਰ ਅੱਜ ਸਰਕਾਰ ਕੋਲ ਅਦਾਲਤ ‘ਚ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ, ਤਾਂ ਇਸੇ ਆਧਾਰ ‘ਤੇ ਜ਼ਮਾਨਤ ਮਿਲ ਗਈ।
ਖਹਿਰਾ ਨੇ ਭਗਵੰਤ ਮਾਨ ਦੇ ਟਵੀਟ ਦਾ ਉਨ੍ਹਾਂ ਦੇ ਹੀ ਅੰਦਾਜ਼ ‘ਚ ਦਿੱਤਾ ਜਵਾਬ
ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੇ ਹੀ ਅੰਦਾਜ਼ ਵਿਚ ਜਵਾਬ ਦਿੱਤਾ ਹੈ। ਦਰਅਸਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸੇ ਦਾ ਨਾਂ ਲਏ ਬਗੈਰ ਇਕ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਆਖਿਆ ਸੀ ਕਿ ”ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਓਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ…।” ਹੁਣ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਟਵੀਟ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਹਮਲਾ ਬੋਲਿਆ ਹੈ।
ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕੀਤਾ, ”ਜਦੋਂ ਅਹੁਦਾ ਹੰਕਾਰ ਵਿਚ ਤਬਦੀਲ ਹੋਜੇ, ਜਦੋਂ ਝੂਠ ਸਰਕਾਰ ਦੀ ਦਲੀਲ ਹੋਜੇ, ਜਦੋਂ ਚੋਰਾਂ ਨਾਲ ਸੀ.ਐੱਮ. ਭਗਵੰਤ ਮਾਨ ਦੀ ਡੀਲ ਹੋਜੇ, ਸਾਰੀ ਵਜ਼ਾਰਤ ਦੀ ਜੀਭਾ ਫ਼ਿਰ ਸੀਲ ਹੋਜੇ, ਲਹੂ ਪਰਜਾ ਦਾ ਰਾਜੇ ਲਈ ਛਬੀਲ ਹੋਜੇ, ਉਸ ਸੂਬੇ ਦਾ ਸੱਚੀਂ ਫ਼ਿਰ ਰੱਬ ਰਾਖਾ!”
ਨਿਆਂਪ੍ਰਣਾਲੀ ‘ਤੇ ਭਰੋਸਾ ਹੋਰ ਮਜ਼ਬੂਤ ਹੋਵੇਗਾ : ਐਡਵੋਕੇਟ ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਨਿਆਂਪਾਲਿਕਾ ‘ਤੇ ਸਮਾਜ ਦਾ ਹਮੇਸ਼ਾ ਯਕੀਨ ਰਿਹਾ ਹੈ ਅਤੇ ਹਰ ਵਿਅਕਤੀ ਅਦਾਲਤਾਂ ਤੋਂ ਇਨਸਾਫ਼ ਦੀ ਆਸ ਰੱਖਦਾ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦਾ ਬਿਕਰਮ ਸਿੰਘ ਮਜੀਠੀਆ ਸਬੰਧੀ ਇਹ ਇਕ ਚੰਗਾ ਫੈਸਲਾ ਹੈ, ਜਿਸ ਨਾਲ ਨਿਰਪੱਖ ਨਿਆਂਪ੍ਰਣਾਲੀ ‘ਤੇ ਭਰੋਸਾ ਹੋਰ ਮਜ਼ਬੂਤ ਹੋਵੇਗਾ।

