#PUNJAB

ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ‘ਚ ਮੁੜ 14 ਦਿਨ ਦਾ ਵਾਧਾ

-ਪਹਿਲੀ ਨਵੰਬਰ ਨੂੰ ਹੋਵੇਗੀ ਅਗਲੀ ਪੇਸ਼ੀ
ਮੁਹਾਲੀ, 18 ਅਕਤੂਬਰ (ਪੰਜਾਬ ਮੇਲ)- ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਅਧੀਨ ਨਾਭਾ ਦੀ ਨਿਊ ਜੇਲ੍ਹ ਵਿਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਵਿਚ ਮੁੜ 14 ਦਿਨਾਂ ਦਾ ਵਾਧਾ ਹੋ ਗਿਆ ਹੈ। ਇਸ ਮਾਮਲੇ ਦੀ ਅਗਲੀ ਪੇਸ਼ੀ ਪਹਿਲੀ ਨਵੰਬਰ ਨੂੰ ਹੋਵੇਗੀ।
ਬਿਕਰਮ ਸਿੰਘ ਮਜੀਠੀਆ ਨੇ ਨਾਭਾ ਦੀ ਨਿਊ ਜੇਲ੍ਹ ਵਿਚੋਂ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿਚ ਪੇਸ਼ੀ ਭੁਗਤੀ। ਇਸ ਮੌਕੇ ਸਰਕਾਰੀ ਧਿਰ ਵੱਲੋਂ ਐਡਵੋਕੇਟ ਪ੍ਰੀਤਇੰਦਰਪਾਲ ਸਿੰਘ ਅਤੇ ਫੈਰੀ ਸੋਫਤ, ਵਿਜੀਲੈਂਸ ਵੱਲੋਂ ਵਧੀਕ ਪੀ.ਪੀ. ਮਨਜੀਤ ਸਿੰਘ ਹਾਜ਼ਰ ਸਨ। ਬਚਾਅ ਪੱਖ ਵੱਲੋਂ ਐਡਵੋਕੇਟ ਐੱਚ.ਐੱਸ. ਧਨੋਆ ਅਦਾਲਤ ਵਿਚ ਮੌਜੂਦ ਸਨ। ਅਦਾਲਤ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਹਿਰਾਸਤ ਵਿਚ 14 ਦਿਨਾਂ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ 25 ਜੂਨ ਨੂੰ ਉਨ੍ਹਾਂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਹ 6 ਜੁਲਾਈ ਤੋਂ ਨਾਭਾ ਦੀ ਨਿਊ ਜੇਲ੍ਹ ਵਿਚ ਬੰਦ ਹਨ। ਮੁਹਾਲੀ ਅਦਾਲਤ ਵੱਲੋਂ ਉਨ੍ਹਾਂ ਦੀ ਜ਼ਮਾਨਤ ਅਤੇ ਬੈਰਕ ਬਦਲਣ ਦੀ ਅਰਜ਼ੀ ਪਹਿਲਾਂ ਹੀ ਖ਼ਾਰਜ ਕੀਤੀ ਜਾ ਚੁੱਕੀ ਹੈ। ਵਿਜੀਲੈਂਸ ਵੱਲੋਂ ਬਿਕਰਮ ਮਜੀਠੀਆ ਖ਼ਿਲਾਫ਼ 40 ਹਜ਼ਾਰ ਪੰਨਿਆਂ ਦਾ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ, ਜਿਸ ਉੱਤੇ ਅਗਲੇ ਦਿਨਾਂ ਵਿਚ ਸੁਣਵਾਈ ਆਰੰਭ ਹੋਵੇਗੀ। ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਅਧੀਨ ਹੈ।