-ਪਰਿਵਾਰ ਵੱਲੋਂ ਘਰ ‘ਚ ਇਲਾਜ ਕਰਨ ਦਾ ਫੈਸਲਾ
ਮੁੰਬਈ, 12 ਨਵੰਬਰ (ਪੰਜਾਬ ਮੇਲ)- ਬਜ਼ੁਰਗ ਬੌਲੀਵੁੱਡ ਅਦਾਕਾਰ ਧਰਮਿੰਦਰ ਨੂੰ ਬੁੱਧਵਾਰ ਸਵੇਰੇ ਬ੍ਰੀਚ ਕੈਂਡੀ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਅਦਾਕਾਰ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਪਰਿਵਾਰ ਨੇ ਧਰਮ ਜੀ ਨੂੰ ਘਰ ਲਿਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਬਾਕੀ ਇਲਾਜ ਉਥੇ ਹੀ ਚੱਲੇਗਾ। 89 ਸਾਲਾ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੈ ਤੇ ਉਨ੍ਹਾਂ ਦਾ ਹਸਪਤਾਲ ਆਉਣ-ਜਾਣ ਲੱਗਾ ਹੋਇਆ ਹੈ। ਡਾ. ਪ੍ਰਤੀਤ ਸਮਦਾਨੀ ਨੇ ਕਿਹਾ, ”ਧਰਮੇਂਦਰ ਜੀ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਹਸਪਤਾਲ ‘ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਕੀਤੇ ਫੈਸਲੇ ਮੁਤਾਬਕ ਉਨ੍ਹਾਂ ਦਾ ਘਰ ਵਿਚ ਹੀ ਇਲਾਜ ਕੀਤਾ ਜਾਵੇਗਾ।” ਇਸ ਦੌਰਾਨ ਅਦਾਕਾਰ ਦੇ ਪਰਿਵਾਰ ਦੀ ‘ਨਿੱਜਤਾ’ ਤੇ ‘ਸਤਿਕਾਰ’ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।
ਅਦਾਕਾਰ ਦੇ ਪੁੱਤਰ ਸੰਨੀ ਦਿਓਲ ਦੀ ਪੀਆਰ ਟੀਮ ਨੇ ਇਕ ਬਿਆਨ ਵਿਚ ਕਿਹਾ, ”ਸ੍ਰੀ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਘਰ ਵਿਚ ਹੀ ਆਪਣੀ ਸਿਹਤਯਾਬੀ ਜਾਰੀ ਰੱਖਣਗੇ। ਅਸੀਂ ਮੀਡੀਆ ਅਤੇ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਸਮੇਂ ਦੌਰਾਨ ਕਿਸੇ ਵੀ ਹੋਰ ਅਟਕਲਾਂ ਤੋਂ ਬਚਣ ਅਤੇ ਉਨ੍ਹਾਂ ਦੀ ਅਤੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ। ਅਸੀਂ ਉਨ੍ਹਾਂ ਦੀ ਨਿਰੰਤਰ ਸਿਹਤਯਾਬੀ, ਚੰਗੀ ਸਿਹਤ ਅਤੇ ਲੰਬੀ ਉਮਰ ਲਈ ਸਾਰਿਆਂ ਦੇ ਪਿਆਰ, ਪ੍ਰਾਰਥਨਾਵਾਂ ਅਤੇ ਸ਼ੁਭਕਾਮਨਾਵਾਂ ਦੀ ਕਦਰ ਕਰਦੇ ਹਾਂ। ਕਿਰਪਾ ਕਰਕੇ ਉਨ੍ਹਾਂ ਦਾ ਸਤਿਕਾਰ ਕਰੋ ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਹਨ।”
ਕਾਬਿਲੇਗੌਰ ਹੈ ਕਿ ਮੰਗਲਵਾਰ ਨੂੰ ਕਈ ਮੀਡੀਆ ਅਦਾਰਿਆਂ ਨੇ ਆਪਣੀਆਂ ਰਿਪੋਰਟਾਂ ਵਿਚ ਦਾਅਵਾ ਕੀਤਾ ਸੀ ਬਜ਼ੁਰਗ ਅਦਾਕਾਰ ਧਰਮਿੰਦਰ ਹੁਣ ਸਾਡੇ ਵਿਚ ਨਹੀਂ ਰਹੇ। ਹਾਲਾਂਕਿ ਪਰਿਵਾਰ ਨੇ ਇਨ੍ਹਾਂ ਦਾ ਖੰਡਨ ਕੀਤਾ ਅਤੇ ਨਿੱਜਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ।
ਬਾਲੀਵੁੱਡ ਅਦਾਕਾਰ ਧਰਮਿੰਦਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ

