ਹਰਿਦੁਆਰ, 4 ਦਸੰਬਰ (ਪੰਜਾਬ ਮੇਲ)-ਬਾਲੀਵੁੱਡ ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਹਰਿਦੁਆਰ ਵਿਚ ਹਰਿ ਕੀ ਪੌੜੀ ‘ਤੇ ਗੰਗਾ ਵਿਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਪਰਿਵਾਰਕ ਪੰਡਿਤ ਸੰਦੀਪ ਪਰਾਸ਼ਰ ਸ਼ਰੋਤਰੀਆ ਨੇ ਦੱਸਿਆ ਕਿ ਇਹ ਰਸਮਾਂ ਮੀਡੀਆ ਅਤੇ ਆਮ ਲੋਕਾਂ ਤੋਂ ਬਿਲਕੁਲ ਗੁਪਤ ਰੱਖੀਆਂ ਗਈਆਂ ਸਨ। ਧਰਮਿੰਦਰ ਦੇ ਪੋਤੇ ਅਤੇ ਸਨੀ ਦਿਓਲ ਦੇ ਪੁੱਤਰ ਕਰਨ ਦਿਓਲ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਅਸਥੀ ਵਿਸਰਜਨ ਦੀਆਂ ਰਸਮਾਂ ਨਿਭਾਈਆਂ। ਪੰਡਿਤ ਅਨੁਸਾਰ ਸੰਨੀ ਦਿਓਲ ਖੁਦ ਇਹ ਰਸਮ ਕਰਨਾ ਚਾਹੁੰਦਾ ਸੀ, ਪਰ ਭੀੜ ਇਕੱਠੀ ਹੋਣ ਦੇ ਡਰੋਂ ਉਸ ਦੀ ਥਾਂ ਕਰਨ ਦਿਓਲ ਨੇ ਇਹ ਜ਼ਿੰਮੇਵਾਰੀ ਨਿਭਾਈ। ਸੰਨੀ ਅਤੇ ਬੌਬੀ ਦਿਓਲ ਬੀਤੇ ਦਿਨ ਹੀ ਹਰਿਦੁਆਰ ਪਹੁੰਚ ਗਏ ਸਨ ਪਰ ਇਕ ਰਿਸ਼ਤੇਦਾਰ ਨਾ ਪਹੁੰਚਣ ਕਾਰਨ ਪ੍ਰੋਗਰਾਮ ਇਕ ਦਿਨ ਲਈ ਮੁਲਤਵੀ ਕਰਨਾ ਪਿਆ। ਜ਼ਿਕਰਯੋਗ ਹੈ ਕਿ ਭਾਰਤੀ ਸਿਨੇਮਾ ਦੇ ‘ਹੀ-ਮੈਨ’ ਵਜੋਂ ਜਾਣੇ ਜਾਂਦੇ ਧਰਮਿੰਦਰ ਦਾ 24 ਨਵੰਬਰ ਨੂੰ 89 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ।
ਬਾਲੀਵੁੱਡ ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਜਲ ਪ੍ਰਵਾਹ

