#AMERICA

ਬਾਲਟੀਮੋਰ ‘ਚ ਭਿਆਨਕ ਹਾਦਸਾ; ਕਾਰਗੋ ਜਹਾਜ਼ ਟਕਰਾਉਣ ਕਾਰਨ ਨਦੀ ‘ਚ ਡਿੱਗਿਆ ਪੁਲ

12 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
ਬਾਲਟੀਮੋਰ, 27 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਬਾਹਰੀ ਬਾਲਟੀਮੋਰ ਹਾਰਬਰ ਖੇਤਰ ‘ਚ ਇੱਕ ਭਿਆਨਕ ਹਾਦਸਾ ਵਾਪਰਿਆ। ਦਰਅਸਲ ਇੱਥੇ ਇਕ ਕਾਰਗੋ ਜਹਾਜ਼ ਬਾਲਟੀਮੋਰ ਬੰਦਰਗਾਹ ਨੂੰ ਪਾਰ ਕਰਦੇ ਪੁਲ ਨਾਲ ਟਕਰਾ ਗਿਆ। ਇਸ ਹਾਦਸੇ ਤੋਂ ਬਾਅਦ ਪੁਲ ਢਹਿ ਗਿਆ ਅਤੇ ਇਸ ਘਟਨਾ ‘ਚ 12 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਬਾਲਟੀਮੋਰ ਫਾਇਰ ਵਿਭਾਗ ਨੇ ਵੀ ਪੁਲ ਦੇ ਡਿੱਗਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਮੈਰੀਲੈਂਡ ਟਰਾਂਸਪੋਰਟੇਸ਼ਨ ਅਥਾਰਟੀ ਨੇ ਪੁਲ ‘ਤੇ ਆਵਾਜਾਈ ਬੰਦ ਕਰ ਦਿੱਤੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲ ਡਿੱਗਣ ਤੋਂ ਬਾਅਦ ਕਈ ਕਾਰਾਂ ਅਤੇ ਲੋਕ ਪਾਣੀ ਵਿਚ ਡੁੱਬ ਗਏ। ਕਈ ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ। ਕੁੱਲ ਮਿਲਾ ਕੇ ਇਹ ਹਾਦਸਾ ਵੱਡੇ ਨੁਕਸਾਨ ਵੱਲ ਇਸ਼ਾਰਾ ਕਰ ਰਿਹਾ ਹੈ। ਬਾਲਟੀਮੋਰ ਫਾਇਰ ਡਿਪਾਰਟਮੈਂਟ ਦੇ ਡਾਇਰੈਕਟਰ ਕੇਵਿਨ ਕਾਰਟਰਾਈਟ ਨੇ ਪੁਸ਼ਟੀ ਕੀਤੀ ਕਿ ਕਈ ਵਾਹਨ ਨਦੀ ਵਿਚ ਵਹਿ ਗਏ ਸਨ।
ਤੱਟ ਰੱਖਿਅਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ‘ਤੇ ਸਿੰਗਾਪੁਰ ਦਾ ਝੰਡਾ ਸੀ। ਮਾਲਵਾਹਕ ਜਹਾਜ਼ ਦਾ ਨਾਂ ਡਾਲੀ ਹੈ ਅਤੇ ਇਹ 948 ਫੁੱਟ ਲੰਬਾ ਹੈ। ਇਹ ਜਹਾਜ਼ ਬਾਲਟੀਮੋਰ ਤੋਂ ਕੋਲੰਬੋ, ਸ਼੍ਰੀਲੰਕਾ ਲਈ ਰਵਾਨਾ ਹੋਇਆ ਸੀ। ਇਸ ਦੌਰਾਨ ਜਹਾਜ਼ ਫਰਾਂਸਿਸ ਸਕਾਟ ਬ੍ਰਿਜ ਨਾਲ ਟਕਰਾ ਗਿਆ।
ਇਹ ਪੁਲ 1977 ਵਿਚ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ। ਇਸ ਦਾ ਨਾਂ ਮਸ਼ਹੂਰ ਅਮਰੀਕੀ ਲੇਖਕ ਫਰਾਂਸਿਸ ਸਕਾਟ ਦੇ ਨਾਂ ‘ਤੇ ਰੱਖਿਆ ਗਿਆ ਸੀ। ਫਰਾਂਸਿਸ ਸਕਾਟ ਬ੍ਰਿਜ 1.6 ਮੀਲ ਲੰਬਾ ਹੈ।