– ਪੁਲਿਸ ਨੇ ਅਜੇ ਨਸ਼ਰ ਨਹੀਂ ਕੀਤੀ ਪੋਸਟਮਾਰਟਮ ਦੀ ਰਿਪੋਰਟ
– ਐੱਫ.ਆਈ.ਆਰ. ਵੀ ਅਜੇ ਨਹੀਂ ਭੇਜੀ ਗਈ ਹਰਿਆਣਾ
ਪਟਿਆਲਾ, 6 ਮਾਰਚ (ਪੰਜਾਬ ਮੇਲ)- ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਤਹਿਸੀਲ ‘ਚ ਪੰਜਾਬ ਹਰਿਆਣਾ ਦੀ ਹੱਦ ‘ਤੇ 21 ਫਰਵਰੀ 2024 ਨੂੰ ਸਿਰ ‘ਚ ਗੋਲੀ ਲੱਗਣ ਕਾਰਨ ਮੌਤ ਦੇ ਮੂੰਹ ਪਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਭਾਵੇਂ 29 ਫਰਵਰੀ ਦੀ ਰਾਤ ਨੂੰ ਕਰ ਦਿੱਤਾ ਗਿਆ ਸੀ ਪਰ ਅਜੇ ਅਧਿਕਾਰਤ ਤੌਰ ‘ਤੇ ਪੋਸਟਮਾਰਟਮ ਦੀ ਰਿਪੋਰਟ ਨਸ਼ਰ ਨਹੀਂ ਕੀਤੀ ਗਈ। ਜਾਣਕਾਰੀ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਤਿਆਰ ਹੋ ਚੁੱਕੀ ਹੈ, ਜਿਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਸ਼ੁਭਕਰਨ ਦੀ ਮੌਤ ਦਾ ਕਾਰਨ ਰਬੜ ਦੀ ਗੋਲੀ ਨਹੀਂ ਸੀ ਕਿਉਂਕਿ ਉਸ ਦੇ ਸਿਰ ਵਿਚੋਂ ਧਾਤ ਦੇ ਕਈ ਛੱਰ੍ਹੇ ਮਿਲੇ ਹਨ, ਜਦੋਂਕਿ ਰਬੜ ਦੀ ਗੋਲੀ ‘ਚ ਇਹ ਨਹੀਂ ਹੁੰਦੇ।
ਆਲ੍ਹਾ ਮਿਆਰੀ ਸੂਤਰਾਂ ਮੁਤਾਬਿਕ ਸ਼ੁਭਕਰਨ ਦੇ ਪੋਸਟਮਾਰਟਮ ਦੀ ਰਿਪੋਰਟ ‘ਚ ਮੌਤ ਦਾ ਕਾਰਨ ‘ਗੰਨ ਇੰਜਰੀ’ ਦਰਸਾਇਆ ਗਿਆ ਹੈ। ਰਿਪੋਰਟ ‘ਚ ਇਹ ਵੀ ਜ਼ਿਕਰ ਹੈ ਕਿ ਉਸ ਦੇ ਸਿਰ ਵਿਚੋਂ ਮਿਲੇ ਛੱਰ੍ਹੇ ਧਾਤ ਦੇ ਹਨ। ਰਿਪੋਰਟ ਇਹ ਵੀ ਦੱਸਦੀ ਹੈ ਕਿ ਨੌਜਵਾਨ ਦੀ ਮੌਤ ਮੌਕੇ ‘ਤੇ ਹੀ ਹੋ ਗਈ ਸੀ। ਦੱਸਣਯੋਗ ਹੈ ਕਿ ਰਾਜਿੰਦਰਾ ਹਸਪਤਾਲ ਵੱਲੋਂ ਪੋਸਟਮਾਰਟਮ ਰਿਪੋਰਟ ਛੱਰ੍ਹਿਆਂ ਸਮੇਤ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਇਹ ਛੱਰ੍ਹੇ ਆਖਰ ਕਿਹੜੇ ਹਥਿਆਰ ਦੇ ਹਨ, ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਦਾ ਅਧਿਕਾਰ ਹੁਣ ਪੁਲਿਸ ਦਾ ਹੈ। ਅਜਿਹੀ ਸਮੱਗਰੀ ਨੂੰ ਜਾਂਚ ਲਈ ਫਿਲੌਰ ਅਕੈਡਮੀ ਜਾਂ ਮੁਹਾਲੀ ਸਥਿਤ ਸੂਬਾਈ ਲੈਬ ਵਿਚ ਭੇਜਿਆ ਜਾਂਦਾ ਹੈ। ਇਨ੍ਹਾਂ ਛਰ੍ਹਿਆਂ ਦੇ ਡਾਇਆਮੀਟਰ ਦਾ ਪਤਾ ਲੱੱਗਣ ‘ਤੇ ਹੀ ਅਧਿਕਾਰਤ ਤੌਰ ‘ਤੇ ਸਪੱਸ਼ਟ ਹੋਵੇਗਾ ਕਿ ਇਹ ਛਰ੍ਹੇ ਕਿਹੜੀ ਗੰਨ ਦੇ ਹਨ।