#PUNJAB

ਬਾਬਾ ਬੰਦਾ ਸਿੰਘ ਬਹਾਦਰ ਟਰੱਸਟ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਦਾ ਸਨਮਾਨ

ਲੁਧਿਆਣਾ, 4 ਅਕਤੂਬਰ (ਪੰਜਾਬ ਮੇਲ)- ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਸਤਲੁਜ ਕਲੱਬ, ਲੁਧਿਆਣਾ ਵਿਖੇ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਮੁਖੀ ਸ਼੍ਰੀ ਕੇ.ਕੇ. ਬਾਵਾ ਨੇ ਕਿਹਾ ਕਿ ਗੁਰਜਤਿੰਦਰ ਸਿੰਘ ਰੰਧਾਵਾ ਪਿਛਲੇ ਲੰਮੇ ਸਮੇਂ ਤੋਂ ਭਾਈਚਾਰੇ ‘ਚ ਪੱਤਰਕਾਰੀ ਦੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਰੰਧਾਵਾ ਨੇ ਹਮੇਸ਼ਾ ਹੀ ਨਿਰਪੱਖ ਪੱਤਰਕਾਰੀ ਕੀਤੀ ਹੈ। ਸਮੇਂ-ਸਮੇਂ ‘ਤੇ ਇਹ ਸਮਾਜ ਨਾਲ ਸੰਬੰਧਤ ਮੁੱਦੇ ਉਠਾ ਕੇ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਸ ਦੌਰਾਨ ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਨੇ ਬੋਲਦਿਆਂ ਕਿਹਾ ਕਿ ਜਿੱਥੇ ਗੁਰਜਤਿੰਦਰ ਸਿੰਘ ਰੰਧਾਵਾ ਇਕ ਉੱਘੇ ਪੱਤਰਕਾਰ ਹਨ, ਉਥੇ ਉਹ ਇਕ ਚੰਗੇ ਇਨਸਾਨ ਵੀ ਹਨ। ਇਨ੍ਹਾਂ ਵੱਲੋਂ ਅਖ਼ਬਾਰ, ਟੀ.ਵੀ. ਦੀ ਪੱਤਰਕਾਰੀ ਤੋਂ ਇਲਾਵਾ 7 ਕਿਤਾਬਾਂ ਹੁਣ ਤੱਕ ਛੱਪ ਚੁੱਕੀਆਂ ਹਨ। ਇਨ੍ਹਾਂ ਕਿਤਾਬਾਂ ਵਿਚ ਸ. ਰੰਧਾਵਾ ਨੇ ਜਿਹੜੇ ਪੱਖ ਪੇਸ਼ ਕੀਤੇ ਹਨ, ਉਹ ਕਿਸੇ ਸਮੇਂ ਇਤਿਹਾਸ ਦੇ ਸੋਮੇ ਬਣਨਗੇ। ਇਸ ਮੌਕੇ ਸ. ਰੰਧਾਵਾ ਨੇ ਸਮੂਹ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੱਤਰਕਾਰੀ ਰਾਹੀਂ ਸਮਾਜ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਸੋ ਮੈਂ ਇਸੇ ਤਰ੍ਹਾਂ ਆਪਣੀ ਡਿਊਟੀ ਸਦਾ ਨਿਭਾਉਂਦਾ ਰਹਾਂਗਾ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਸ. ਰੰਧਾਵਾ ਨੂੰ ਟਰਾਫੀ, ਸਿਰੋਪਾਓ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ।

Leave a comment