#AMERICA

ਬਾਈਡਨ ਵੱਲੋਂ ਟਰੰਪ ਪ੍ਰਸ਼ਾਸਨ ‘ਤੇ ਸਖਤ ਟਿੱਪਣੀਆਂ

ਕਿਹਾ: ਟਰੰਪ ਨੇ ਅਮਰੀਕਾ ਦਾ ਕੀਤਾ ਭਾਰੀ ਨੁਕਸਾਨ
ਵਾਸ਼ਿੰਗਟਨ, 18 ਅਪ੍ਰੈਲ (ਪੰਜਾਬ ਮੇਲ)- ਸਾਬਕਾ ਅਮਰੀਕੀ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਲੰਮੀ ਚੁੱਪ ਤੋਂ ਬਾਅਦ ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ‘ਤੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਹੈ ਕਿ 100 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਇਸ ਪ੍ਰਸ਼ਾਸਨ ਨੇ ਬਹੁਤ ਕੁਝ ਅਜਿਹਾ ਕੀਤਾ ਹੈ, ਜਿਸ ਨਾਲ ਅਮਰੀਕਾ ਦਾ ਰੱਜ ਕੇ ਨੁਕਸਾਨ ਹੋਇਆ ਹੈ। ਇਕ ਤਰ੍ਹਾਂ ਨਾਲ ਇਹ ਤਬਾਹੀ ਹੈ। ਉਨ੍ਹਾਂ ਨੇ ਕਿਹਾ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਰਾ ਕੁਝ ਡੋਨਾਲਡ ਟਰੰਪ ਇੰਨੀ ਜਲਦੀ ਕਰ ਸਕਦਾ ਹੈ। ਸੱਚ ਇਹ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਾਜਿਕ ਸੁਰੱਖਿਆ ਵਿਭਾਗ ਨਾਲ ਹੱਥੋਪਾਈ ਕੀਤੀ ਹੈ ਤੇ 7 ਹਜ਼ਾਰ ਕਰਮਚਾਰੀਆਂ ਨੂੰ ਵਾਧੂ ਕਹਿ ਕੇ ਧੱਕਾ ਦੇ ਦਿੱਤਾ ਹੈ।
ਇਸੇ ਸਮੇਂ ਦੌਰਾਨ 7 ਹਜ਼ਾਰ ਕਰਮਚਾਰੀਆਂ ਦੀ ਜ਼ਿੰਦਗੀ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਹੁਣ ਉਹ ਹਜ਼ਾਰਾਂ ਲੋਕਾਂ ਨੂੰ ਦਰਵਾਜ਼ੇ ਤੋਂ ਬਾਹਰ ਕੱਢਣ ਦੀ ਤਿਆਰੀ ਕਰ ਰਹੇ ਹਨ। 73 ਮਿਲੀਅਨ ਅਮਰੀਕੀ ਸਮਾਜਿਕ ਸੁਰੱਖਿਆ ਪ੍ਰਾਪਤ ਕਰਦੇ ਹਨ ਤੇ ਆਪਣੀ ਪੂਰੀ ਜ਼ਿੰਦਗੀ ਦੀ ਪਹਿਲੀ ਤਨਖਾਹ ਤੋਂ ਹੀ ਉਹ ਸਮਾਜਿਕ ਸੁਰੱਖਿਆ ‘ਚ ਆਪਣਾ ਬਣਦਾ ਭੁਗਤਾਨ ਕਰਦੇ ਹਨ ਤੇ ਬਦਲੇ ਵਿਚ ਉਹ ਸਰਕਾਰ ‘ਤੇ ਭਰੋਸਾ ਕਰਦੇ ਹਨ ਕਿ ਜਦੋਂ ਇਸ ਦੀ ਲੋੜ ਪਵੇਗੀ, ਉਨ੍ਹਾਂ ਦੀ ਜੀਵਨ ਸ਼ੈਲੀ ਸੁਰੱਖਿਅਤ ਹੋਵੇਗੀ। ਲੋਕਾਂ ਦੇ ਭਰੋਸੇ ਨੂੰ ਧੋਖਾ ਦੇਣ ਦਾ ਕੰਮ ਡੋਨਾਲਡ ਟਰੰਪ ਨੇ ਕੀਤਾ ਹੈ ਤੇ ਇਹ ਪਹਿਲੀ ਵਾਰ ਹੈ ਕਿ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਪ੍ਰਸ਼ਾਸਨ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ‘ਚ ਕਟੌਤੀਆਂ ਵਿਰੁੱਧ ਖੁੱਲ੍ਹ ਕੇ ਬੋਲਿਆ ਹੈ।
ਅਜਿਹੀਆਂ ਸਖਤ ਟਿੱਪਣੀਆਂ ਬਾਇਡਨ ਨੇ ਨਵਾਂ ਰਾਜ ਭਾਗ ਆਉਣ ਤੋਂ ਬਾਅਦ ਪਹਿਲੀ ਵਾਰ ਕੀਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਨਿਸ਼ਾਨਾ ਬਣਾਇਆ ਹੈ ਤੇ ਇਕ ਅਜਿਹੇ ਪ੍ਰੋਗਰਾਮ ਨੂੰ ਤਬਾਹ ਕਰ ਦਿੱਤਾ ਹੈ, ਜਿਸ ‘ਤੇ ਲੱਖਾਂ ਅਮਰੀਕਨ ਨਿਰਭਰ ਹਨ। ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਪ੍ਰਸ਼ਾਸਨ ਦੌਰਾਨ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਨੇ ਨਿਰਧਾਰਿਤ ਸਮੇਂ ‘ਚ ਢੁੱਕਵੀਂ ਕਟੌਤੀ ਕੀਤੀ ਤੇ ਧੋਖਾਧੜੀ ਦੇ ਮਾਮਲਿਆਂ ‘ਚ ਸੁਧਾਰ ਕੀਤਾ। ਇਸ ਪ੍ਰਣਾਲੀ ਨੂੰ ਬਹੁਤ ਲਾਭਦਾਇਕ ਬਣਾਇਆ। 82 ਸਾਲਾ ਬਾਇਡਨ ਨੇ ਇਸੇ ਸਾਲ ਜਨਵਰੀ ਮਹੀਨੇ ‘ਚ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਆਪਣੇ-ਆਪ ਨੂੰ ਇਕ ਤਰ੍ਹਾਂ ਨਾਲ ਇਕਾਂਤ ‘ਚ ਰੱਖਿਆ, ਹਾਲਾਂਕਿ ਬਾਇਡਨ ਦੇ ਬਹੁਤ ਨਜ਼ਦੀਕੀ ਲੋਕਾਂ ਅਨੁਸਾਰ ਸਾਬਕਾ ਚੋਟੀ ਦੇ ਸਲਾਹਕਾਰ ਤੇ ਸਾਬਕਾ ਸੀਨੀਅਰ ਪ੍ਰਸ਼ਾਸਨ ਅਧਿਕਾਰੀਆਂ ਦੇ ਬਾਇਡਨ ਸੰਪਰਕ ਵਿਚ ਸਨ, ਜਿਨ੍ਹਾਂ ਵਿਚ ਬਰੂਸ ਰੀਡ ਸਟੀਵ, ਰੀਚੇਟੀ ਜੈਕ ਸੁਲੀਵਾਨ, ਜੇ ਬਲਿੰਕਨ ਸ਼ਾਮਿਲ ਹਨ। ਬਾਇਡਨ ਨੇ ਕਿਹਾ ਕਿ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਅਮਰੀਕਾ ‘ਤੇ ਬਹੁਤ ਭਾਰੂ ਪਵੇਗਾ ਤੇ ਇਸਦਾ ਅਣਕਿਆਸਿਆ ਨੁਕਸਾਨ ਹੋਵੇਗਾ। ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਦੁਨੀਆਂ ਦੀ ਅਗਵਾਈ ਕਰਨ ਵਾਲਾ ਦੇਸ਼ ਹੈ ਤੇ ਇਸਨੂੰ ਵੰਡਣ ਦੇ ਸੁਪਨੇ ਲਏ ਹੀ ਨਹੀਂ ਜਾ ਸਕਦੇ।