-ਵ੍ਹਾਈਟ ਹਾਊਸ ‘ਚ ਰੱਖੇ ਸਮਾਗਮ ‘ਚੋਂ ਮੈਸੀ ਰਿਹਾ ਗੈਰਹਾਜ਼ਰ
ਵਾਸ਼ਿੰਗਟਨ, 6 ਜਨਵਰੀ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ, ਫੁਟਬਾਲ ਸੁਪਰਸਟਾਰ ਲਾਇਨਲ ਮੈਸੀ, ਵਿਵਾਦਤ ਸਮਾਜਸੇਵੀ ਜੌਰਜ ਸੋਰੋਸ ਤੇ ਅਦਾਕਾਰ ਡੈਂਜ਼ਲ ਵਾਸ਼ਿੰਗਟਨ ਸਣੇ ਕੁੱਲ 19 ਵਿਅਕਤੀਆਂ ਦਾ ਦੇਸ਼ ਦੇ ਸਿਖਰਲੇ ਨਾਗਰਿਕ ਪੁਰਸਕਾਰ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫਰੀਡਮ’ ਨਾਲ ਸਨਮਾਨ ਕੀਤਾ ਹੈ। ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਅਮਰੀਕਾ ਦੀ ਖੁਸ਼ਹਾਲੀ, ਉਸ ਦੀਆਂ ਕਦਰਾਂ-ਕੀਮਤਾਂ ਤੇ ਆਲਮੀ ਸ਼ਾਂਤੀ ਨੂੰ ਵਧਾਉਣ ਵਿਚ ਅਹਿਮ ਯੋਗਦਾਨ ਪਾਇਆ ਹੋਵੇ ਜਾਂ ਫਿਰ ਜਨਤਕ ਜਾਂ ਨਿੱਜੀ ਖੇਤਰ ਵਿਚ ਅਹਿਮ ਕੰਮ ਕੀਤੇ ਹੋਣ। ਅਰਜਨਟੀਨਾ ਦਾ ਫੁੱਟਬਾਲ ਖਿਡਾਰੀ ਲਾਇਨਲ ਮੈਸੀ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮਾਂ ਕਰਕੇ ਇਹ ਪੁਰਸਕਾਰ ਲੈਣ ਲਈ ਵ੍ਹਾਈਟ ਹਾਊਸ ਵਿਚ ਨਿੱਜੀ ਰੂਪ ਵਿਚ ਮੌਜੂਦ ਨਹੀਂ ਸੀ। ਬਾਇਡਨ ਨੇ ਵ੍ਹਾਈਟ ਹਾਊਸ ਦੇ ਈਸਟ ਰੂਮ ਵਿਚ ਰੱਖੇ ਸਮਾਗਮ ਦੌਰਾਨ ਕਿਹਾ, ”ਮੈਨੂੰ ਰਾਸ਼ਟਰਪਤੀ ਵਜੋਂ ਆਖਰੀ ਵਾਰ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ ਨਾਲ ਅਸਾਧਾਰਨ ਲੋਕਾਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ ਹੈ। ਅਜਿਹੇ ਲੋਕ ਜਿਨ੍ਹਾਂ ਅਮਰੀਕਾ ਦੇ ਸੱਭਿਆਚਾਰ ਤੇ ਟੀਚੇ ਨੂੰ ਆਕਾਰ ਦੇਣ ਵਿਚ ਯੋਗਦਾਨ ਪਾਇਆ।” ਸਮਾਗਮ ਵਿਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਰੱਖਿਆ ਮੰਤਰੀ ਲਾਇਡ ਆਸਟਿਨ, ਕਈ ਮੰਤਰੀ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।