#AMERICA

ਬਾਇਡਨ ਵੱਲੋਂ ਦੋ ਭਾਰਤੀ-ਅਮਰੀਕੀ ਐਕਸਪੋਰਟ ਕੌਂਸਲ ‘ਚ ਸ਼ਾਮਲ

ਵਾਸ਼ਿੰਗਟਨ, 2 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੋ ਪ੍ਰਮੁੱਖ ਭਾਰਤੀ-ਅਮਰੀਕੀਆਂ ਨੂੰ ਆਪਣੀ ਬੇਹੱਦ ਅਹਿਮ ‘ਐਕਸਪੋਰਟ ਕੌਂਸਲ’ (ਨਿਰਯਾਤ ਪਰਿਸ਼ਦ) ਵਿਚ ਮੈਂਬਰਾਂ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਪਰਿਸ਼ਦ ਕੌਮਾਂਤਰੀ ਵਪਾਰ ਬਾਰੇ ਪ੍ਰਮੁੱਖ ਕੌਮੀ ਸਲਾਹਕਾਰ ਕਮੇਟੀ ਦੇ ਤੌਰ ਉਤੇ ਕੰਮ ਕਰਦੀ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਰਾਸ਼ਟਰਪਤੀ ਨੇ ਬੀਤੇ ਦਿਨੀਂ ਉਨ੍ਹਾਂ ਮੈਂਬਰਾਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ਨੂੰ ਉਹ ਕੌਂਸਲ ‘ਚ ਨਿਯੁਕਤ ਕਰਨਾ ਚਾਹੁੰਦੇ ਹਨ। ਡੇਲਾਈਟ ਕੰਸਲਟਿੰਗ ਦੇ ਸਾਬਕਾ ਸੀ.ਈ.ਓ. ਪੁਨੀਤ ਰੰਜਨ ਅਤੇ ਫੈਡੈਕਸ ਦੇ ਸੀ.ਈ.ਓ. ਤੇ ਪ੍ਰਧਾਨ ਰਾਜੇਸ਼ ਸੁਬਰਾਮਨੀਅਮ ਦੇ ਨਾਂ ਉਨ੍ਹਾਂ ਮੈਂਬਰਾਂ ਦੀ ਸੂਚੀ ‘ਚ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਪ੍ਰਭਾਵਸ਼ਾਲੀ ਰਾਸ਼ਟਰਪਤੀ ਦੀ ਨਿਰਯਾਤ ਕੌਂਸਲ ‘ਚ ਮੈਂਬਰਾਂ ਵਜੋਂ ਸ਼ਾਮਲ ਕਰਨਾ ਚਾਹੁੰਦੇ ਹਨ। ਕੌਂਸਲ ਦੀ ਅਗਵਾਈ ਕੋਸਟਲ ਸਿਸਟਮਜ਼ ਦੇ ਚੇਅਰਮੈਨ ਮਾਰਕ ਐਡਿਨ ਕਰਨਗੇ। ਕਾਰਪੋਰੇਟ, ਕਿਰਤ, ਰੀਅਲ ਅਸਟੇਟ, ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਦੇ ਦੋ ਦਰਜਨ ਤੋਂ ਵੱਧ ਨੇਤਾਵਾਂ ਨੂੰ ਰਾਸ਼ਟਰਪਤੀ ਦੀ ਨਿਰਯਾਤ ਪ੍ਰੀਸ਼ਦ ‘ਚ ਸ਼ਾਮਲ ਕੀਤਾ ਗਿਆ ਹੈ।

Leave a comment