* ਸਰਕਾਰੀ ਰਾਤ ਦੇ ਖਾਣੇ ਦੀ ਦਾਅਵਤ 22 ਨੂੰ
ਵਾਸ਼ਿੰਗਟਨ, 15 ਜੂਨ (ਪੰਜਾਬ ਮੇਲ)-ਬਾਇਡਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਬਾਇਡਨ ਪਰਿਵਾਰ 21 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਿੱਜੀ ਤੌਰ ‘ਤੇ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੋਦੀ ਨੂੰ ਰਾਸ਼ਟਰਪਤੀ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਦੁਆਰਾ ਅਮਰੀਕਾ ਦੀ ਅਧਿਕਾਰਕ ਯਾਤਰਾ ਲਈ ਸੱਦਾ ਦਿੱਤਾ ਹੈ। ਹੋਰ ਚੀਜ਼ਾਂ ਦੇ ਇਲਾਵਾ ਇਤਿਹਾਸਕ ਯਾਤਰਾ ‘ਚ 22 ਜੂਨ ਨੂੰ ਦੱਖਣੀ ਲਾਅਨ ‘ਚ ਇਕ ਪ੍ਰਭਾਵਸ਼ਾਲੀ ਸਵਾਗਮ ਸਮਾਗਮ ਹੋਵੇਗਾ, ਜੋ ਬਾਅਦ ‘ਚ ਰਾਤ ਸਮੇਂ ਸਰਕਾਰੀ ਤੌਰ ‘ਤੇ ਰਾਤ ਦੇ ਖਾਣੇ ਦਾ ਸਥਾਨ ਬਣ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਵ੍ਹਾਈਟ ਹਾਊਸ ਦੇ ਲਾਅਨ ‘ਚ ਇਕ ਮਹੱਤਵਪੂਰਨ ਸਵਾਗਤ ਸਮਾਗਮ ਹੋਵੇਗਾ। ਰਾਤ ਹੋਣ ਤੋਂ ਪਹਿਲਾਂ ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਬਾਇਡਨ ਤੇ ਬਾਇਡਨ ਪਰਿਵਾਰ ਕੁਝ ਸਹਿਜਤਾ ਦੇ ਪਲ ਬਿਤਾਉਣਗੇ, ਜਿਥੇ ਉਨ੍ਹਾਂ ਨੂੰ ਵਾਸਤਵ ‘ਚ ਇਕੱਠੇ ਬੈਠਣ ਦਾ ਮੌਕਾ ਮਿਲੇਗਾ।
ਪਿਛਲੇ ਹਫਤੇ ਜਾਰੀ ਵ੍ਹਾਈਟ ਹਾਊਸ ਦੇ ਪ੍ਰੋਗਰਾਮ ਅਨੁਸਾਰ ਬਾਇਡਨ 19 ਤੋਂ 21 ਜੂਨ ਤੱਕ ਕੈਲੀਫੋਰਨੀਆ ਦੀ ਯਾਤਰਾ ‘ਤੇ ਜਾਣ ਵਾਲੇ ਹਨ। ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਕੌਮਾਂਤਰੀ ਯੋਗ ਦਿਵਸ ਸਮਾਗਮ ‘ਚ ਹਿੱਸਾ ਲੈਣ ਦੇ ਬਾਅਦ ਪ੍ਰਧਾਨ ਮੰਤਰੀ ਦੇ 21 ਜੂਨ ਨੂੰ ਨਿਊਯਾਰਕ ਤੋਂ ਵਾਸ਼ਿੰਗਟਨ ਡੀ.ਸੀ. ਆਉਣ ਦੀ ਉਮੀਦ ਹੈ। 22 ਜੂਨ ਨੂੰ ਰੁਝੇਵੇਂ ਭਰਿਆ ਸਰਗਰਮੀਆਂ ਦਾ ਦਿਨ ਅਧਿਕਾਰਕ ਰਾਤ ਦੇ ਖਾਣੇ ਨਾਲ ਸਮਾਪਤ ਹੋ ਜਾਵੇਗਾ, ਜਿਸ ਦੇ ਲਈ ਵ੍ਹਾਈਟ ਹਾਊਸ ਦੇ ਦੱਖਣੀ ਲਾਅਨ ‘ਚ ਵੱਡੀ ਗਿਣਤੀ ‘ਚ ਸੱਦੇ ਗਏ ਮਹਿਮਾਨਾਂ ਨੂੰ ਵਿਵਸਥਿਤ ਕਰਨ ਲਈ ਟੈਂਟ ਲਗਾਏ ਜਾਣ ਦੀ ਵੀ ਸੰਭਾਵਨਾ ਹੈ। ਮਹਿਮਾਨ ਸੂਚੀ ਆਮ ਤੌਰ ‘ਤੇ ਸਰਕਾਰੀ ਰਾਤ ਦੇ ਖਾਣੇ ਦੀ ਸ਼ਾਮ ਨੂੰ ਜਾਰੀ ਕੀਤੀ ਜਾਂਦੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 23 ਜੂਨ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੁਆਰਾ ਆਯੋਜਿਤ ਰਾਜ ਵਿਭਾਗ ਦੇ ਫੋਗੀ ਬਾਟਮ ਹੈੱਡਕੁਆਰਟਰ ‘ਚ ਦੁਪਹਿਰ ਦਾ ਭੋਜਨ ਹੋਵੇਗਾ।
ਭਾਰਤੀ-ਅਮਰੀਕੀਆਂ ‘ਚ ਦੌਰੇ ਨੂੰ ਲੈ ਕੇ ਖਾਸਾ ਉਤਸ਼ਾਹ
ਭਾਰਤੀ-ਅਮਰੀਕੀਆਂ ਨੂੰ ਮੋਦੀ ਦੇ ਦੌਰੇ ਨੂੰ ਲੈ ਕੇ ਖਾਸਾ ਉਤਸ਼ਾਹ ਹੈ। ਯਾਤਰਾ ਨਾਲ ਸੰਬੰਧਿਤ ਵੱਖ-ਵੱਖ ਪ੍ਰੋਗਰਾਮਾਂ ‘ਚ ਹਿੱਸਾ ਲੈਣ ਲਈ ਦੇਸ਼ ਭਰ ਦੇ ਸੈਂਕੜੇ ਲੋਕ ਅਗਲੇ ਹਫਤੇ ਵਾਸ਼ਿੰਗਟਨ ਡੀ.ਸੀ. ਦੀ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਨਾਲ ਹੋਟਲਾਂ ਦੇ ਕਮਰੇ ਤੇ ਹਵਾਈ ਟਿਕਟਾਂ ਦੀ ਕੀਮਤਾਂ ‘ਚ ਅਚਾਨਕ ਉਛਾਲ ਆ ਗਿਆ ਹੈ। ਫੈੱਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਵਰਗੇ ਕਈ ਭਾਈਚਾਰਕ ਸੰਗਠਨਾਂ ਨੇ ਵਿਸ਼ੇਸ਼ ਬੱਸ ਸੇਵਾਵਾਂ ਦਾ ਆਯੋਜਨ ਕੀਤਾ ਹੈ, ਜੋ ਨਿਊਯਾਰਕ ਤੇ ਨਿਊ ਜਰਸੀ ਖੇਤਰਾਂ ਤੋਂ ਭਾਈਚਾਰੇ ਦੇ ਮੈਂਬਰਾਂ ਨੂੰ ਲਿਆਉਣਗੀਆਂ।