#AMERICA

ਬਾਇਡਨ ਨੇ ਟਰੰਪ ਦੇ ਟੈਰਿਫ ਨਜ਼ਰੀਏ ਨੂੰ ‘ਵੱਡੀ ਗਲਤੀ’ ਦੱਸਿਆ

ਵਾਸ਼ਿੰਗਟਨ, 12 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਨਜ਼ਰੀਏ ਨੂੰ ‘ਵੱਡੀ ਗਲਤੀ’ ਦੱਸਿਆ। ਉਨ੍ਹਾਂ ਨੇ ਵਾਸ਼ਿੰਗਟਨ ਸਥਿਤ ਥਿੰਕ ਟੈਂਕ ਬਰੁਕਿੰਗਜ਼ ਇੰਸਟੀਚਿਊਸ਼ਨ ਵਿਚ ਦਿੱਤੇ ਭਾਸ਼ਣ ਵਿਚ ਇਸ ਬਾਰੇ ਟਿੱਪਣੀ ਕੀਤੀ। ਬਾਇਡਨ ਨੇ ਕਿਹਾ, ”ਅਜਿਹਾ ਲੱਗਦਾ ਹੈ ਕਿ ਉਹ (ਟਰੰਪ) ਇਸ ਦੇਸ਼ ਵਿਚ ਆਯਾਤ ਕੀਤੇ ਜਾਣ ਵਾਲੇ ਸਾਰੇ ਸਾਮਾਨਾਂ ‘ਤੇ ਵੱਡੇ ਪੱਧਰ ‘ਤੇ ਯੂਨੀਵਰਸਲ ਟੈਰਿਫ ਲਗਾਉਣ ਲਈ ਦ੍ਰਿੜ੍ਹ ਹਨ, ਇਸ ਗਲਤ ਧਾਰਨਾਂ ਦੇ ਨਾਲ ਕਿ ਅਮਰੀਕੀ ਖਪਤਕਾਰਾਂ ਦੀ ਬਜਾਏ ਵਿਦੇਸ਼ੀ ਦੇਸ਼ ਟੈਰਿਫ ਦੀ ਲਾਗਤ ਚੁਕਾਉਣਗੇ।” ਬਾਇਡਨ ਨੇ ਕਿਹਾ, ”ਤੁਹਾਨੂੰ ਕੀ ਲੱਗਦਾ ਹੈ ਕਿ ਇਸਦਾ ਭੁਗਤਾਨ ਕੌਣ ਕਰੇਗਾ? ਮੇਰਾ ਮੰਨਣਾ ਹੈ ਕਿ ਇਹ ਨਜ਼ਰੀਆ ਇਕ ਵੱਡੀ ਗਲਤੀ ਹੈ। ਅਸੀਂ ਪਿਛਲੇ 4 ਸਾਲਾਂ ਵਿਚ ਸਾਬਤ ਕੀਤਾ ਹੈ ਕਿ ਇਹ ਦ੍ਰਿਸ਼ਟੀਕੋਣ ਇਕ ਗਲਤੀ ਹੈ।”
ਹਾਲ ਹੀ ਵਿਚ, ਟਰੰਪ ਨੇ ਐਲਾਨ ਕੀਤਾ ਕਿ ਉਹ ਜਨਵਰੀ ਵਿਚ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਅਜਿਹੇ ਹੁਕਮਾਂ ‘ਤੇ ਦਸਤਖਤ ਕਰਨਗੇ, ਜਿਸ ਦੇ ਤਹਿਤ ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਮਾਨ ‘ਤੇ 25 ਫ਼ੀਸਦੀ ਟੈਰਿਫ ਲਗਾਇਆ ਜਾਵੇਗਾ। ਇਹ ਉਦੋਂ ਤੱਕ ਲਾਗੂ ਰਹੇਗਾ, ਜਦੋਂ ਤੱਕ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ੀਲੇ ਪਦਾਰਥਾਂ, ਖਾਸ ਤੌਰ ‘ਤੇ ਫੈਂਟਾਨਿਲ ਨੂੰ ਆਪਣੇ ਦੇਸ਼ਾਂ ਤੋਂ ਅਮਰੀਕਾ ਵਿਚ ਆਉਣ ਤੋਂ ਨਹੀਂ ਰੋਕਦੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਚੀਨ ਨੇ ਫੈਂਟਾਨਾਇਲ ਡਰੱਗਜ਼ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਫੈਸਲਾਕੁੰਨ ਕਾਰਵਾਈ ਨਾ ਕੀਤੀ, ਤਾਂ ਉਹ ਚੀਨ ਤੋਂ ਆਉਣ ਵਾਲੇ ਸਾਮਾਨ ‘ਤੇ ਮੌਜੂਦਾ ਦਰਾਂ ਤੋਂ ਇਲਾਵਾ 10 ਫੀਸਦੀ ਵਾਧੂ ਟੈਰਿਫ ਲਗਾਉਣਗੇ।