ਵਾਸ਼ਿੰਗਟਨ, 11 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ਦਰਮਿਆਨ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦਾ ਸਮਰਥਨ ਕਰਨ ਵਾਲੇ ਭਾਰਤੀ-ਅਮਰੀਕੀਆਂ ਦੀ ਗਿਣਤੀ ‘ਚ 19 ਫੀਸਦੀ ਦੀ ਗਿਰਾਵਟ ਆਈ ਹੈ। ਇਹ ਜਾਣਕਾਰੀ ਏਸ਼ੀਅਨ ਅਮਰੀਕਨ ਵੋਟਰ ਸਰਵੇ ਰਾਹੀਂ ਸਾਹਮਣੇ ਆਈ ਹੈ। ਏਸ਼ੀਅਨ ਅਮਰੀਕਨ ਵੋਟਰ ਸਰਵੇਖਣ ਹਰ ਦੋ ਸਾਲਾਂ ਵਿਚ ਇਕ ਵਾਰ ਕਰਵਾਇਆ ਜਾਂਦਾ ਹੈ ਅਤੇ ਇਹ ਏਸ਼ੀਅਨ-ਅਮਰੀਕਨ ਭਾਈਚਾਰੇ ਦਾ ਸਭ ਤੋਂ ਪੁਰਾਣੇ ਸਮੇਂ ਤੋਂ ਚੱਲ ਰਿਹਾ ਸਰਵੇਖਣ ਹੈ। ਇਹ ਸਰਵੇਖਣ ਏਸ਼ੀਅਨ ਐਂਡ ਪੈਸੇਫਿਕ ਆਈਲੈਂਡਰ ਅਮਰੀਕਨ ਵੋਟ (ਏ.ਪੀ.ਆਈ.ਏ.ਵੀ.), ਏ.ਏ.ਪੀ.ਆਈ. ਡਾਟਾ, ਏਸ਼ੀਅਨ ਅਮਰੀਕਨ ਐਡਵਾਂਸਿੰਗ ਜਸਟਿਸ (ਏ.ਏ.ਜੇ.ਸੀ.) ਅਤੇ ਏ.ਏ.ਆਰ.ਪੀ. ਵੱਲੋਂ ਕਰਵਾਇਆ ਗਿਆ ਹੈ। ਇਸ ਸਾਲ ਨਵੰਬਰ ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਲਈ ਚੋਣਾਂ ਵਿਚ 46 ਫੀਸਦੀ ਭਾਰਤੀ ਮੂਲ ਦੇ ਨਾਗਰਿਕ ਬਾਇਡਨ ਨੂੰ ਵੋਟ ਪਾ ਸਕਦੇ ਹਨ, ਜੋ 2020 ਵਿਚ 65 ਫੀਸਦੀ ਸਨ।