#AMERICA

ਬਾਇਡਨ ਤੇ ਟਰੰਪ ਨੇ Michigan ਪ੍ਰਾਇਮਰੀ Election ‘ਚ ਜਿੱਤ ਹਾਸਲ ਕੀਤੀ

* ਟਰੰਪ ਨੇ ਭਾਰਤੀ-ਅਮਰੀਕੀ ਨਿੱਕੀ ਹੇਲੀ ਨੂੰ ਹਰਾਇਆ
ਵਾਸ਼ਿੰਗਟਨ, 29 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਿਸ਼ੀਗਨ ਪ੍ਰਾਇਮਰੀ ਚੋਣ ‘ਚ ਜਿੱਤ ਹਾਸਲ ਕੀਤੀ ਹੈ। ਬਾਇਡਨ ਨੇ ਮਿਨੇਸੋਟਾ ਤੋਂ ਡੀਨ ਫਿਲਿਪਸ ਨੂੰ ਹਰਾਇਆ ਜੋ ਡੈਮੋਕਰੈਟਿਕ ਪ੍ਰਾਇਮਰੀ ‘ਚ ਉਨ੍ਹਾਂ ਨੂੰ ਟੱਕਰ ਦੇ ਰਹੇ ਸਨ। ਟਰੰਪ ਨੇ ਮਿਸ਼ੀਗਨ ਪ੍ਰਾਇਮਰੀ ‘ਚ ਜਿੱਤ ਦੇ ਨਾਲ ਹੀ ਹੁਣ ਤੱਕ ਪੰਜ ਪ੍ਰਾਇਮਰੀ ਚੋਣਾਂ ‘ਚ ਜਿੱਤ ਦਰਜ ਕਰ ਲਈ ਹੈ। ਮਿਸ਼ੀਗਨ ‘ਚ ਉਨ੍ਹਾਂ ਆਪਣੀ ਧੁਰ ਵਿਰੋਧੀ ਭਾਰਤੀ-ਅਮਰੀਕੀ ਨਿੱਕੀ ਹੇਲੀ ਨੂੰ ਆਸਾਨੀ ਨਾਲ ਹਰਾ ਦਿੱਤਾ। ਇਸ ਨਾਲ ਉਹ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਦੀ ਨਾਮਜ਼ਦਗੀ ਦੇ ਹੋਰ ਨੇੜੇ ਢੁੱਕ ਗਏ ਹਨ। ਇਸ ਤੋਂ ਪਹਿਲਾਂ ਟਰੰਪ ਨੇ ਸ਼ਨਿੱਚਰਵਾਰ ਨੂੰ ਨਿੱਕੀ ਹੇਲੀ ਨੂੰ ਉਸ ਦੇ ਗ੍ਰਹਿ ਸੂਬੇ ਸਾਊਥ ਕੈਰੋਲੀਨਾ ਦੀ ਪ੍ਰਾਇਮਰੀ ‘ਚ ਹਰਾ ਦਿੱਤਾ ਸੀ। ਕਿਸੇ ਵੀ ਦਾਅਵੇਦਾਰ ਨੂੰ ਪਾਰਟੀ ਦਾ ਉਮੀਦਵਾਰ ਬਣਨ ਲਈ 1215 ਡੈਲੀਗੇਟਾਂ ਦੀ ਹਮਾਇਤ ਦੀ ਲੋੜ ਹੁੰਦੀ ਹੈ। ਸ਼ਨਿੱਚਰਵਾਰ ਤੱਕ ਹੇਲੀ ਨੇ 17 ਅਤੇ ਟਰੰਪ ਨੇ 92 ਡੈਲੀਗੇਟ ਦੀ ਹਮਾਇਤ ਹਾਸਲ ਕਰ ਲਈ ਸੀ। ਬਾਇਡਨ ਨੇ ਹਰੇਕ ਮਿਸ਼ੀਗਨ ਵਾਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟ ਦੇ ਹੱਕ ਦੀ ਵਰਤੋਂ ਅਤੇ ਲੋਕਤੰਤਰ ਦੇ ਜਸ਼ਨ ‘ਚ ਹਿੱਸਾ ਲੈਣ ਨਾਲ ਹੀ ਅਮਰੀਕਾ ਮਹਾਨ ਬਣਦਾ ਹੈ। ਅਗਲੇ ਮੰਗਲਵਾਰ 21 ਸੂਬਿਆਂ ‘ਚ ਪ੍ਰਾਇਮਰੀ ਚੋਣਾਂ ਹੋਣਗੀਆਂ। ਮੌਜੂਦਾ ਰੁਝਾਨ ਮੁਤਾਬਕ ਟਰੰਪ ਦਾ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨਾ ਲਗਭਗ ਤੈਅ ਲਗ ਰਿਹਾ ਹੈ ਅਤੇ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਾਂਗ ਇਸ ਵਾਰ ਵੀ ਬਾਇਡਨ ਦਾ ਟਰੰਪ ਨਾਲ ਮੁਕਾਬਲਾ ਹੋਣ ਦੇ ਆਸਾਰ ਹਨ।