ਮਾਹਿਲਪੁਰ, 29 ਜੁਲਾਈ (ਹਰਵੀਰ ਮਾਨ/ਪੰਜਾਬ ਮੇਲ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੂੰ ਇੰਡਿਕ ਆਰਟਸ ਵੈੱਲਫੇਅਰ ਕੌਂਸਲ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਕੌਂਸਲ ਦੇ ਚੇਅਰਮੈਨ ਪ੍ਰੋਫੈਸਰ ਭੋਲਾ ਯਮਲਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਬਲਜਿੰਦਰ ਮਾਨ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਸਾਹਿਤ, ਕਲਾ, ਸੱਭਿਆਚਾਰ ਖੇਡਾਂ ਅਤੇ ਸਮਾਜਿਕ ਸਰਗਰਮੀਆਂ ਵਿਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਆਪ ਦੇ ਨਿਰਸਵਾਰਥੀ ਕਾਰਜਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕੌਂਸਲ ਦੇ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਲਜਿੰਦਰ ਮਾਨ ਬਚਪਨ ਨੂੰ ਸ਼ਿੰਗਾਰਨ ਵਾਲੀਆਂ ਦੋ ਦਰਜਨ ਪੁਸਤਕਾਂ ਦੀ ਸਿਰਜਣਾ ਕਰ ਚੁੱਕੇ ਹਨ। ਜਿਨ੍ਹਾਂ ਵਿਚ ਬਾਲ ਸਾਹਿਤ ਦੀ ਵੰਨਗੀ ਕਹਾਣੀ, ਕਵਿਤਾ, ਗੀਤ, ਲੇਖ, ਨਾਟਕ ਦੀ ਸਿਰਜਣਾ, ਅਨੁਵਾਦ, ਮੁਲਾਂਕਣ, ਸੰਪਾਦਨ ਅਤੇ ਪ੍ਰਕਾਸ਼ਨ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਸੰਸਥਾ ਦੇ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮ ਹੋਰ ਮਜ਼ਬੂਤ ਹੋਣਗੇ। ਇਸ ਪ੍ਰਾਪਤੀ ਵਾਸਤੇ ਕੌਮਾਂਤਰੀ ਲੇਖਕ ਤੇ ਪੱਤਰਕਾਰ ਐੱਸ. ਅਸ਼ੋਕ ਭੌਰਾ, ਪ੍ਰਿੰ. ਪਰਵਿੰਦਰ ਸਿੰਘ, ਪ੍ਰਿੰ.ਗੁਰਮੀਤ ਪਲਾਹੀ, ਅੱੈਸ.ਪੀ. ਸ਼ਵਿੰਦਰਜੀਤ ਸਿੰਘ ਬੈਂਸ, ਕੁਲਵੰਤ ਸਿੰਘ ਸੰਘਾ, ਐੱਮ.ਪੀ. ਡਾ. ਰਾਜ ਕੁਮਾਰ, ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਬਲਜਿੰਦਰ ਮਾਨ ਇੰਡਿਕ ਆਰਟਸ ਵੈਲਫੇਅਰ ਕੌਂਸਲ ਪੰਜਾਬ ਦੇ ਜ਼ਿਲ੍ਹਾ ਸਲਾਹਕਾਰ ਬਣੇ
