ਵੈਨਕੂਵਰ, 16 ਦਸੰਬਰ (ਪੰਜਾਬ ਮੇਲ)- ਪੀਲ ਖੇਤਰੀ ਪੁਲਿਸ ਨੇ 3 ਨਵੰਬਰ ਨੂੰ ਮੰਦਰ ਦੇ ਬਾਹਰ ਹੋਈ ਹਿੰਸਕ ਝੜਪ ਦੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕਰਕੇ ਆਮ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਅਨੁਸਾਰ 3 ਨਵੰਬਰ ਨੂੰ ਗੋਰ ਰੋਡ ਵਾਲੇ ਮੰਦਰ ਅਤੇ ਉਸ ਤੋਂ ਅਗਲੇ ਦਿਨ ਮਿਸੀਸਾਗਾ ਖੇਤਰ ਵਿਚ ਹੋਈ ਹੁੱਲੜਬਾਜ਼ੀ ਦੀਆਂ ਦਰਜਨਾਂ ਵੀਡੀਓਜ਼ ਉਨ੍ਹਾਂ ਕੋਲ ਪੁੱਜੀਆਂ ਹਨ। ਇਨ੍ਹਾਂ ਵੀਡੀਓਜ਼ ਦੀ ਜਾਂਚ ਦੇ ਆਧਾਰ ‘ਤੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਉਨ੍ਹਾਂ ਕੋਲੋਂ ਅਜਿਹੀ ਪੁੱਛ-ਪੜਤਾਲ ਨਹੀਂ ਕੀਤੀ ਜਾਵੇਗੀ, ਜੋ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ।