#CANADA

ਬਰੈਂਪਟਨ ‘ਚ ਸਤਵੀਰ ਕੌਰ ਬਣੀ ਜੇਲ੍ਹ ਸੁਪਰਡੈਂਟ

-ਪੰਜਾਬ ਦਾ ਨਾਂ ਕੀਤਾ ਰੌਸ਼ਨ
ਬਰੈਂਪਟਨ, 22 ਅਗਸਤ (ਪੰਜਾਬ ਮੇਲ)-ਪੰਜਾਬ ਦੀ ਧੀ ਨੇ ‘ਕੈਨੇਡਾ ‘ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ ਦੇ ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ਦੀ ਦੋਹਤੀ ਸਤਵੀਰ ਕੌਰ ਬਰੈਂਪਟਨ ‘ਚ ਜੇਲ੍ਹ ਸੁਪਰਡੈਂਟ ਚੁਣੀ ਗਈ ਹੈ। ਸਤਵੀਰ ਕੌਰ ਨੇ ਕੈਨੇਡਾ ਦੀ ਪੁਲਿਸ ਵਿਚ ਬਤੌਰ ਜੇਲ੍ਹ ਸੁਪਰਡੈਂਟ ਭਰਤੀ ਹੋ ਕੇ ਆਪਣੇ ਦਾਦਕਿਆਂ/ਨਾਨਕਿਆਂ ਅਤੇ ਪੰਜਾਬ ਸਮੇਤ ਪੂਰੇ ਭਾਰਤ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ। ਉਹ 2018 ‘ਚ ਸਟੱਡੀ ਵੀਜ਼ਾ ‘ਤੇ ਕੈਨੇਡਾ ਆਈ ਸੀ। ਪੜ੍ਹਾਈ ਉਪਰੰਤ ਉਸਨੂੰ ਸਰਕਾਰੀ ਬੱਸ ਡਰਾਈਵਰ ਦੀ ਨੌਕਰੀ ਮਿਲ ਗਈ।
ਲੜਕੀ ਦੇ ਮਾਮੇ ਨੇ ਦੱਸਿਆ ਕਿ ਜਦੋਂ ਸਾਡੀ ਭਾਣਜੀ ਸਾਨੂੰ ਵੀਡੀਓ ਭੇਜਦੀ, ਤਾਂ ਅਸੀਂ ਉਸਨੂੰ ਬੱਸ ਚਲਾਉਂਦੀ ਦੇਖ ਕੇ ਹੈਰਾਨ ਹੋ ਜਾਂਦੇ ਕਿ ਇੰਨੀ ਵੱਡੀ ਬੱਸ ਸਾਡੀ ਲੜਕੀ ਚਲਾ ਰਹੀ ਹੈ। ਉਨ੍ਹਾਂ ਦੱਸਿਆ ਸਤਵੀਰ ਕੌਰ ਪੜ੍ਹਾਈ ਵਿਚ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਸੀ। ਉਸਨੇ ਡਾਕਟਰੀ ਦੀ ਪੜ੍ਹਾਈ ਵੀ ਕੀਤੀ ਸੀ। ਲੜਕੀ ਦੇ ਪਿਤਾ ਜੋ ਕਿ ਆਪ ਵੀ ਪੁਲਿਸ ਦੇ ਜੇਲ੍ਹ ਵਿਭਾਗ ਵਿਚ ਸੇਵਾਵਾਂ ਨਿਭਾ ਚੁੱਕੇ ਹਨ, ਨੇ ਦੱਸਿਆ ਕਿ ਉਹ 3 ਧੀਆਂ ਅਤੇ ਇਕ ਪੁੱਤ ਦਾ ਪਿਤਾ ਹੈ ਪਰ ਉਸਨੂੰ ਜੋ ਮਾਣ ਉਸਦੀ ਧੀ ਨੇ ਦਿੱਤਾ ਹੈ, ਸ਼ਾਇਦ ਹੀ ਉਸਦਾ ਪੁੱਤ ਦੇ ਸਕੇ।
ਉਨ੍ਹਾਂ ਕਿਹਾ ਕਿ ਸਾਨੂੰ ਧੀਆਂ ਦੇ ਪੈਦਾ ਹੋਣ ‘ਤੇ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਉਹ ਆਪਣੇ ਆਪ ਨੂੰ ਭਾਗੀਸ਼ਾਲੀ ਸਮਝਦਾ ਹੈ ਕਿ ਉਸਦੀ ਧੀ ਨੇ ਆਪਣੀ ਮਿਹਨਤ ਨਾਲ ਜਿੱਥੇ ਮੈਨੂੰ 10 ਲੱਖ ਦੀ ਗੱਡੀ ਲੈ ਕੇ ਦਿੱਤੀ ਅਤੇ ਆਪਣੇ ਲਈ ਵੀ 43 ਲੱਖ ਰੁਪਏ ਦੀ ਕਾਰ ਖਰੀਦੀ। ਉਨ੍ਹਾਂ ਦੀ ਲੜਕੀ ਜਦੋਂ ਸਰਕਾਰੀ ਬੱਸ ਚਲਾਉਂਦੀ ਸੀ, ਤਾਂ ਉਸਨੂੰ ਪੁਲਿਸ ਵਿਚ ਜੇਲ੍ਹ ਵਿਭਾਗ ਦੀ ਨੌਕਰੀ ਕੈਨੇਡਾ ਦੇ ਵਿਨੀਪੈੱਗ ਦੇ ਸਮੁੰਦਰ ਵਿਚ ਮਿਲ ਗਈ ਸੀ ਪਰ ਉਸਦਾ ਇਹ ਨੌਕਰੀ ਕਰਨ ਲਈ ਦਿਲ ਨਹੀਂ ਮੰਨਿਆ। 3 ਮਹੀਨਿਆਂ ਬਾਅਦ ਫਿਰ ਉਸਨੂੰ ਇਹ ਨੌਕਰੀ ਪ੍ਰਾਪਤ ਹੋਈ ਅਤੇ ਉਸਨੇ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਇਸ ਨੌਕਰੀ ਨੂੰ ਪ੍ਰਾਪਤ ਕੀਤਾ।