#CANADA

ਬਰੈਂਪਟਨ ‘ਚ ਪੰਜਾਬੀ ਕਾਰੋਬਾਰੀ ਦੀ ਹੱਤਿਆ ਕਰਨ ਵਾਲੇ 2 ਮੁਲਜ਼ਮ ਬ੍ਰਿਟਿਸ਼ ਕੋਲੰਬੀਆ ਤੋਂ ਕਾਬੂ

-14 ਮਈ ਨੂੰ ਮਿਸੀਸਾਗਾ ‘ਚ ਦਿਨ-ਦਿਹਾੜੇ ਹਰਜੀਤ ਸਿੰਘ ਢੱਡਾ ਨੂੰ ਮਾਰੀਆਂ ਸੀ ਗੋਲੀਆਂ
ਵੈਨਕੂਵਰ, 5 ਜੂਨ (ਪੰਜਾਬ ਮੇਲ)- ਪੀਲ ਪੁਲਿਸ ਨੇ ਬਰੈਂਪਟਨ ਵਿਚ 14 ਮਈ ਨੂੰ ਹੋਏ ਹਰਜੀਤ ਸਿੰਘ ਢੱਡਾ ਦੀ ਹੱਤਿਆ ਕਰਨ ਵਾਲੇ ਕਥਿਤ ਮੁਲਜ਼ਮਾਂ ‘ਚੋਂ ਦੋ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਤੋਂ ਉੱਥੋਂ ਦੀ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਦੀ ਪਛਾਣ ਅਮਨ ਅਤੇ ਦਿਗਵਿਜੇ (ਦੋਵੇਂ 21 ਸਾਲ) ਵਜੋਂ ਹੋਈ ਹੈ। ਸਥਾਨਕ ਅਦਾਲਤ ਤੋਂ ਪ੍ਰਵਾਨਗੀ ਲੈਣ ਉਪਰੰਤ ਬਰੈਂਪਟਨ ਵਿਚ ਜੱਜ ਅੱਗੇ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ।
ਪੀਲ ਪੁਲਿਸ ਦੇ ਡਿਪਟੀ ਚੀਫ ਨਿਸ਼ਾਨ ਦੁਰਾਹਲਪਾ ਨੇ ਦੱਸਿਆ ਕਿ ਹੱਤਿਆਰਿਆਂ ਨੇ ਢੱਡਾ ਨੂੰ ਮਾਰਨ ਤੋਂ ਪਹਿਲਾਂ ਉਸ ਦੀਆਂ ਗਤੀਵਿਧੀਆਂ ਦੀ ਰੇਕੀ ਕੀਤੀ, ਫਿਰ ਇਕ ਵਾਹਨ ਚੋਰੀ ਕੀਤਾ ਅਤੇ ਉਸ ਨੂੰ ਮਾਰਨ ਤੋਂ ਬਾਅਦ ਭੱਜਦੇ ਹੋਏ ਵਾਹਨ ਥੋੜ੍ਹੀ ਦੂਰ ਛੱਡ ਦਿੱਤਾ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੇਸ਼ੱਕ ਮੁਲਜ਼ਮ ਭੱਜ ਕੇ ਬ੍ਰਿਟਿਸ਼ ਕੋਲੰਬੀਆ ਪਹੁੰਚ ਗਏ, ਪਰ ਪੀਲ ਪੁਲਿਸ ਨੇ ਪਿੱਛਾ ਕਰਦਿਆਂ ਆਖਿਰਕਾਰ ਡੈਲਟਾ, ਸਰੀ, ਐਬਟਸਫੋਰਡ ਦੇ ਪੁਲਿਸ ਦਲਾਂ ਅਤੇ ਕੇਂਦਰੀ ਪੁਲਿਸ ਦੇ ਸਹਿਯੋਗ ਨਾਲ ਦੋਵਾਂ ਨੂੰ ਡੈਲਟਾ ਵਿਚਲੇ ਟਿਕਾਣੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੀਲ ਪੁਲਿਸ ਵੱਲੋਂ ਦੋਸ਼ੀਆਂ ਨੂੰ ਬੀ.ਸੀ. ਤੋਂ ਬਰੈਂਪਟਨ ਲਿਆਉਣ ਦੀ ਕਾਰਵਾਈ ਚੱਲ ਰਹੀ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਕਤਲ ਕਰਕੇ ਚੋਰੀ ਕੀਤੀ ਹੋਈ ਗੱਡੀ ਵਿਚ ਭੱਜੇ ਸਨ ਪਰ ਕੁਝ ਦੂਰੀ ‘ਤੇ ਗੱਡੀ ਛੱਡ ਕੇ ਫਰਾਰ ਹੋਏ ਸਨ ਅਤੇ ਉਦੋਂ ਉਨ੍ਹਾਂ ਦੀ ਪੈੜ ਦੱਬੀ ਜਾ ਰਹੀ ਸੀ। 28 ਮਈ ਨੂੰ ਉਹ ਦੋਵੇਂ ਡੈਲਟਾ ਪੁਲਿਸ, ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ, ਐਬਟਸਫੋਰਡ ਪੁਲਿਸ ਤੇ ਸਰੀ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਨਾਲ਼ ਕਾਬੂ ਕੀਤੇ ਗਏ ਸਨ। ਸ. ਢੱਡਾ ਬਰੈਂਪਟਨ ਵਾਸੀ ਸਨ ਤੇ ਲੰਮੇ ਸਮੇਂ ਤੋਂ ਆਪਣੇ ਕਾਰੋਬਾਰ ਤੇ ਸਮਾਜਿਕ ਕੰਮਾਂ ਲਈ ਸਮਾਜ ਵਿਚ ਪਛਾਣ ਰੱਖਦੇ ਹਨ।