#CANADA

ਬਰੈਂਪਟਨ ‘ਚ ਪੰਜਾਬੀ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

-ਹਮਲਾਵਰ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ
ਵੈਨਕੂਵਰ, 2 ਅਪ੍ਰੈਲ (ਪੰਜਾਬ ਮੇਲ)- ਬਰੈਂਪਟਨ ਦੇ ਭੀੜ-ਭਾੜ ਵਾਲੇ ਪਲਾਜ਼ਾ ਵਿਚ ਕਾਰ ‘ਤੇ ਆਏ ਬੰਦੂਕਧਾਰੀ ਪੰਜਾਬੀ ਕਾਰੋਬਾਰੀ ਨੌਜਵਾਨ ਦੀ ਹੱਤਿਆ ਕਰਕੇ ਫਰਾਰ ਹੋ ਗਏ। ਇਸ ਦੌਰਾਨ ਹਮਲਾਵਰਾਂ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਏ। ਹਾਲਾਂਕਿ ਹੁਣ ਤੱਕ ਪੁਲਿਸ ਨੇ ਮ੍ਰਿਤਕ ਦੀ ਪਹਿਚਾਣ ਜ਼ਾਹਿਰ ਨਹੀਂ ਕੀਤੀ, ਪਰ ਜਾਣਕਾਰਾਂ ਅਨੁਸਾਰ ਮ੍ਰਿਤਕ ਜਗਮੀਤ ਮੁੰਡੀ ਪਲਾਜ਼ਾ ਵਿਚ ਹੁੱਕੇ ਦਾ ਕਾਰੋਬਾਰ (ਵੇਪ ਸ਼ੌਪ) ਕਰਦਾ ਸੀ ਹੈ, ਨਾਲ ਹੀ ਉਹ ਟਰੱਕ ਕੰਪਨੀ ਚਲਾਉਂਦਾ ਸੀ।
ਪੀਲ ਪੁਲਿਸ ਦੇ ਅਫਸਰ ਮਨਦੀਪ ਖਟੜਾ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ‘ਤੇ ਪਹੁੰਚੇ, ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਵਿਚ ਡਾਕਟਰਾਂ ਦੀ ਟੀਮ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਗੋਲੀਆਂ ਮਾਰਨ ਵਾਲੇ ਉੱਥੋਂ ਤੇਜ਼ੀ ਨਾਲ ਕਾਰ ਵਿਚ ਫਰਾਰ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਰਾਹੀਂ ਜਾਂਚ ਕੀਤੀ ਜਾ ਰਹੀ ਹੈ।