ਵੈਨਕੂਵਰ, 29 ਜਨਵਰੀ (ਪੰਜਾਬ ਮੇਲ)- ਪੁਲੀਸ ਨੇ ਬਰੈਂਪਟਨ ਦੀ ਓਨਟਾਰੀਓ ਸਟਰੀਟ ਅਤੇ ਬੋਵੇਡ ਡਰਾਈਵ ਸਥਿਤ ਗੈਸ ਸਟੇਸ਼ਨ (ਪੈਟਰੋਲ ਪੰਪ) ਵਿਚ ਪਿਛਲੇ ਹਫਤੇ ਲੁੱਟ-ਖੋਹ ਕਰਨ ਵਾਲਿਆਂ ‘ਚੋਂ ਇੱਕ ਨੂੰ ਗ੍ਰਿਫਤਾਰ ਕਰਕੇ ਦੋਸ਼ ਆਇਦ ਕਰ ਦਿੱਤੇ ਹਨ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਪੀਲ ਪੁਲਿਸ ਅਨੁਸਾਰ ਜਗਤਾਰ ਸਿੰਘ (30) ਨੂੰ ਵਾਰਦਾਤ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਦੂਜੇ ਮੁਲਜ਼ਮ ਤਰਨਜੋਤ ਸਿੰਘ (30) ਦੀ ਗ੍ਰਿਫਤਾਰੀ ਲਈ ਅਦਾਲਤੀ ਵਾਰੰਟ ਹਾਸਲ ਕਰ ਲਏ ਗਏ ਹਨ।
ਪੁਲਿਸ ਨੇ ਦੱਸਿਆ ਕਿ ਦੋਵੇਂ ਗੈਸ ਸਟੇਸ਼ਨ ‘ਤੇ ਗਏ ਤੇ ਮੁਲਾਜ਼ਮਾਂ ਨੂੰ ਅਸਲਾ ਵਿਖਾ ਕੇ ਨਕਦੀ ਅਤੇ ਕੁਝ ਹੋਰ ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਪੁਲਿਸ ਨੇ ਜਗਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਤਰਨਜੋਤ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਤਰਨਜੋਤ ਸਿੰਘ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਬਰੈਂਪਟਨ ‘ਚ ਪੈਟਰੋਲ ਪੰਪ ਲੁੱਟਣ ਵਾਲਾ ਪੰਜਾਬੀ ਕਾਬੂ
