#CANADA

ਬਰੈਂਪਟਨ ‘ਚ ਘਰ ਤੇ ਗੋਲੀਆਂ ਚਲਾਉਣ ਵਾਲੇ ਦੋ ਪੰਜਾਬੀ ਨੌਜਵਾਨ ਬੰਦੂਕ ਤੇ ਨਸ਼ੇ ਸਮੇਤ ਗ੍ਰਿਫ਼ਤਾਰ

ਵੈਨਕੂਵਰ, 13 ਜੂਨ (ਪੰਜਾਬ ਮੇਲ)- ਪੀਲ ਪੁਲਿਸ ਨੇ ਬਰੈਂਪਟਨ ਰਹਿੰਦੇ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਉੱਤੇ 24 ਅਪ੍ਰੈਲ ਨੂੰ ਬਰੈਂਪਟਨ ਦੇ ਰੇਨਡਰੌਪ ਟੈਰੇਸ ਅਤੇ ਮਿਸੀਸਾਗਾ ਰੋਡ ਸਥਿਤ ਘਰ ‘ਤੇ ਗੋਲੀਆਂ ਚਲਾਉਣ ਦਾ ਦੋਸ਼ ਹੈ। ਜਾਂਚ ਦੌਰਾਨ ਪੁਲਿਸ ਨੇ ਦੋਵਾਂ ਮਸ਼ਕੂਕਾਂ ਦੀ ਪਛਾਣ ਕੀਤੀ।
ਅਦਾਲਤੀ ਵਾਰੰਟਾਂ ਮਗਰੋਂ ਉਨ੍ਹਾਂ ਦੇ ਵਿਕਟੋਰੀਵਿਲੇ ਰੋਡ ਅਤੇ ਸਵੈਟਨ ਰੋਡ ਸਥਿਤ ਘਰ ਦੀ ਤਲਾਸ਼ੀ ਲਈ, ਤਾਂ ਉੱਥੋਂ ਪੁਲਿਸ ਨੂੰ 9 ਐੱਮ.ਐੱਮ. ਦੀ ਗੈਰਕਾਨੂੰਨੀ ਬੰਦੂਕ, 33 ਗੋਲੀਆਂ ਸਮੇਤ ਵੱਡੀ ਮਾਤਰਾ ਵਿਚ ਨਸ਼ਾ ਮਿਲਿਆ ਹੈ। ਮਸ਼ਕੂਕਾਂ ਦੀ ਪਛਾਣ ਮਨਿੰਦਰ ਸਿੰਘ (23) ਤੇ ਤੀਰਥ ਸਿੰਘ (24) ਵਜੋਂ ਕੀਤੀ ਗਈ ਹੈ।
ਪੁਲਿਸ ਬੁਲਾਰੇ ਅਨੁਸਾਰ ਦੋਵਾਂ ਨੂੰ ਨਾਜਾਇਜ਼ ਮਾਰੂ ਅਸਲਾ ਅਤੇ ਨਸ਼ਾ ਰੱਖਣ ਦੇ ਦੋਸ਼ ਆਇਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਗਲੇ ਦਿਨਾਂ ਵਿਚ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਮਸ਼ਕੂਕਾਂ ਨੇ ਫਿਰੌਤੀ ਮੰਗਣ ਤੋਂ ਬਾਅਦ ਡਰਾਉਣ ਦੇ ਮੰਤਵ ਨਾਲ ਘਰ ਦੇ ਬਾਹਰ ਗੋਲੀਆਂ ਚਲਾਈਆਂ ਹੋ ਸਕਦੀਆਂ ਹਨ।