#EUROPE

ਬਰਤਾਨੀਆ ਸਰਕਾਰ ਵੱਲੋਂ ਵੀਜ਼ਾ ਫੀਸ ‘ਚ ਵਾਧਾ ਹੋਇਆ ਲਾਗੂ

ਲੰਡਨ, 4 ਅਕਤੂਬਰ (ਪੰਜਾਬ ਮੇਲ)- ਬਰਤਾਨੀਆ ਸਰਕਾਰ ਵੱਲੋਂ ਵੀਜ਼ਾ ਫੀਸ ਵਿਚ ਕੀਤਾ ਵਾਧਾ ਲਾਗੂ ਹੋ ਗਿਆ। ਹੁਣ ਦੁਨੀਆਂ ਭਰ ਦੇ ਲੋਕਾਂ ਨੂੰ ਛੇ ਮਹੀਨਿਆਂ ਤੋਂ ਘੱਟ ਸਮੇਂ ਦੇ ਵਿਜ਼ਿਟਰ ਵੀਜ਼ੇ ਲਈ 15 ਪੌਂਡ ਤੇ ਸਟੂਡੈਂਟ ਵੀਜ਼ੇ ਲਈ 127 ਪੌਂਡ ਜ਼ਿਆਦਾ ਖ਼ਰਚ ਕਰਨੇ ਪੈਣਗੇ। ਭਾਰਤ ਤੋਂ ਵੱਡੀ ਗਿਣਤੀ ‘ਚ ਵਿਦਿਆਰਥੀ ਪੜ੍ਹਾਈ ਲਈ ਬਰਤਾਨੀਆ ਜਾਂਦੇ ਹਨ।
ਬਰਤਾਨਵੀ ਸੰਸਦ ‘ਚ ਪਿਛਲੇ ਮਹੀਨੇ ਲਿਆਂਦੇ ਗਏ ਇਸ ਬਿੱਲ ਮੁਤਾਬਕ, ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਬਦਲਾਅ ਦਾ ਮਤਲਬ ਹੈ ਕਿ ਵਿਜ਼ਿਟਰ ਵੀਜ਼ੇ ਲਈ ਅਪਲਾਈ ਕਰਨ ਦੀ ਫੀਸ ਅਗਲੇ ਮਹੀਨੇ ਤੋਂ 115 ਪੌਂਡ ਹੋ ਜਾਵੇਗੀ। ਇਸ ਤੋਂ ਇਲਾਵਾ ਦੇਸ਼ ਤੋਂ ਬਾਹਰ ਸਟੂਡੈਂਟ ਵੀਜ਼ੇ ਲਈ ਅਪਲਾਈ ਕਰਨ ‘ਤੇ 490 ਪੌਂਡ ਫੀਸ ਦੇਣੀ ਪਵੇਗੀ, ਜਿਹੜੀ ਦੇਸ਼ ‘ਚ ਅਪਲਾਈ ਕਰਨ ਲਈ ਵਸੂਲੀ ਜਾਣ ਵਾਲੀ ਰਾਸ਼ੀ ਦੇ ਬਰਾਬਰ ਹੋਵੇਗੀ। ਭਾਰਤੀ ਵਿਦਿਆਰਥੀ ਦੇਸ਼ ਦੇ ਸਭ ਤੋਂ ਵੱਡੇ ਕੌਮਾਂਤਰੀ ਵਿਦਿਆਰਥੀ ਭਾਈਚਾਰਿਆਂ ‘ਚੋਂ ਇਕ ਹਨ। ਅੰਕੜਿਆਂ ਮੁਤਾਬਕ, 2021-22 ‘ਚ 1,20,000 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਬਰਤਾਨੀਆ ‘ਚ ਪੜ੍ਹ ਰਹੇ ਹਨ। ਸਰਕਾਰ ਨੇ ਕਿਹਾ ਕਿ ਇਮੀਗ੍ਰੇਸ਼ਨ ਫੀਸ ‘ਚ ਬਦਲਾਅ ਅਹਿਮ ਸੇਵਾਵਾਂ ਲਈ ਭੁਗਤਾਨ ਕਰਨ ਅਤੇ ਜਨਤਕ ਖੇਤਰ ਦੀ ਤਨਖ਼ਾਹ ‘ਚ ਕੀਤੇ ਗਏ ਵਾਧੇ ਲਈ ਜ਼ਿਆਦਾ ਪੈਸੇ ਨੂੰ ਪਹਿਲ ਦੇਣ ਦੀ ਮਨਜ਼ੂਰੀ ਦੇਣ ਲਈ ਕੀਤੇ ਗਏ ਹਨ। ਇਸ ਦਾ ਐਲਾਨ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਜੁਲਾਈ ‘ਚ ਕੀਤਾ ਸੀ।

Leave a comment