-ਬ੍ਰਿਟੇਨ ‘ਚ ਪੱਕੇ ਤੌਰ ‘ਤੇ ਰਹਿਣ ਲਈ ਅਰਜ਼ੀ ਦੇਣ ਵਾਲਾ ਸਮਾਂ 5 ਸਾਲ ਤੋਂ ਵੱਧ ਕੇ 10 ਸਾਲ ਹੋਇਆ
ਲੰਡਨ, 25 ਨਵੰਬਰ (ਪੰਜਾਬ ਮੇਲ)-ਬਰਤਾਨੀਆ ਸਰਕਾਰ ਵੱਲੋਂ ਕੀਤੇ ਦੇਸ਼ ਦੇ ਇਮੀਗ੍ਰੇਸ਼ਨ ਢਾਂਚੇ ਦੇ ਬਦਲਾਵਾਂ ਨੂੰ ਲਗਭਗ 50 ਸਾਲਾਂ ‘ਚ ਕਾਨੂੰਨੀ ਮਾਈਗ੍ਰੇਸ਼ਨ ਢਾਂਚੇ ਵਿਚ ਸਭ ਤੋਂ ਵੱਡਾ ਤੇ ਸਭ ਤੋਂ ਅਹਿਮ ਬਦਲਾਅ ਮੰਨਿਆ ਜਾ ਰਿਹਾ ਹੈ। ਲੇਬਰ ਪਾਰਟੀ ਦੀ ਇਹ ਯੋਜਨਾ ਨਵੀਂ ਉੱਭਰ ਰਹੀ ਰਾਜਨੀਤਿਕ ਪਾਰਟੀ ਰੀਫੌਰਮ ਨੂੰ ਵੱਡੀ ਚੁਣੌਤੀ ਬਣ ਸਕਦੀ ਹੈ ਕਿਉਂਕਿ ਬੀਤੇ ਕੁਝ ਸਮੇਂ ਤੋਂ ਸਿਆਸੀ ਪਾਰਟੀਆਂ ਲਈ ਪ੍ਰਵਾਸ ਵੱਡਾ ਮੁੱਦਾ ਬਣਿਆ ਹੋਇਆ ਹੈ। ਲੇਬਰ ਸਰਕਾਰ ਦੀ ਨਵੀਂ ਨੀਤੀ ਤਹਿਤ ਪ੍ਰਵਾਸੀਆਂ ਲਈ ਬ੍ਰਿਟੇਨ ‘ਚ ਪੱਕੇ ਤੌਰ ‘ਤੇ ਰਹਿਣ ਲਈ ਜਾਣੀ ਅਨਿਸ਼ਚਿਤ ਸਮੇਂ ਲਈ ਰਹਿਣ ਦੀ ਇਜਾਜ਼ਤ ਜਾਂ ਸੈਟਲਮੈਂਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਲੱਗਣ ਵਾਲਾ ਸਮਾਂ 5 ਸਾਲ ਤੋਂ ਵੱਧ ਕੇ 10 ਸਾਲ ਹੋ ਜਾਵੇਗਾ।
ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਨਵਾਂ ‘ਅਰਨਡ ਸੈਟਲਮੈਂਟ ਮਾਡਲ’ ਪੇਸ਼ ਕੀਤਾ ਹੈ। ਨਵੇਂ ਪ੍ਰਸਤਾਵਾਂ ਤਹਿਤ ਸਮਾਜਿਕ ਭੱਤੇ ਵੀ ਸੀਮਤ ਹੋਣਗੇ। ਜਨਤਕ ਫ਼ੰਡਾਂ ਤੱਕ ਪਹੁੰਚ ਸਿਰਫ਼ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਹੀ ਮਿਲੇਗੀ, ਜਿਸ ਲਈ ਯੂ.ਕੇ. ਲਾਈਫ਼ ਟੈਸਟ ਪਾਸ ਕਰਨ ਲਈ ਵਾਧੂ ਫ਼ੀਸ ਦੇਣੀ ਜ਼ਰੂਰੀ ਹੋਵੇਗੀ। ਸਿਹਤ ਤੇ ਸੋਸ਼ਲ ਕੇਅਰ ਵਰਕਰਾਂ ਲਈ ਸੈਟਲਮੈਂਟ ਦੀ ਮਿਆਦ 15 ਸਾਲ ਹੋਵੇਗੀ। ਗੈਰ-ਕਾਨੂੰਨੀ ਪ੍ਰਵਾਸੀ ਤੇ ਉਹ ਲੋਕ ਜੋ ਤੈਅ ਸਮੇਂ ਤੋਂ ਵੱਧ ਸਮੇਂ ਤੱਕ ਦੇਸ਼ ‘ਚ ਰਹਿੰਦੇ ਹਨ, ਉਨ੍ਹਾਂ ਨੂੰ ਪੱਕੇ ਹੋਣ ਲਈ 30 ਸਾਲਾਂ ਤੱਕ ਉਡੀਕ ਕਰਨੀ ਪਵੇਗੀ। ਇਹ ਸਖ਼ਤ ਨਿਯਮ ਉਨ੍ਹਾਂ ਕਰੀਬ 20 ਲੱਖ ਪ੍ਰਵਾਸੀਆਂ ‘ਤੇ ਲਾਗੂ ਹੋਣਗੇ, ਜੋ 2021 ਤੋਂ ਬਾਅਦ ਯੂ.ਕੇ. ‘ਚ ਆਏ ਹਨ।
ਬਰਤਾਨੀਆ ਸਰਕਾਰ ਵੱਲੋਂ ਇਮੀਗ੍ਰੇਸ਼ਨ ਢਾਂਚੇ ‘ਚ ਅਹਿਮ ਬਦਲਾਅ

