-ਲੱਖਾਂ ਅਪਰੇਸ਼ਨ ਹੋਣਗੇ ਰੱਦ; ਸੀਨੀਅਰ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ ਸਿਰ ਆਈ ਐਮਰਜੈਂਸੀ ਸੇਵਾਵਾਂ ਦੀ ਜ਼ਿੰਮੇਵਾਰੀ
ਲੰਡਨ, 4 ਜਨਵਰੀ (ਪੰਜਾਬ ਮੇਲ)-ਬਰਤਾਨੀਆ ਵਿਚ ਬੁੱਧਵਾਰ ਤੋਂ ਹਜ਼ਾਰਾਂ ਡਾਕਟਰ ਆਪਣਾ ਕੰਮ ਛੱਡ ਕੇ ਹੜਤਾਲ ‘ਤੇ ਚਲੇ ਗਏ ਹਨ। ਬੁੱਧਵਾਰ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਇਹ ਹੜਤਾਲ ਕੌਮੀ ਸਿਹਤ ਏਜੰਸੀ (ਐੱਨ. ਐੱਚ. ਐੱਸ.) ਦੇ ਇਤਿਹਾਸ ਦੀ ਸਭ ਤੋਂ ਲੰਬੀ ਹੜਤਾਲ ਹੋਵੇਗੀ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਆਪਣੇ ਕਰੀਅਰ ਦੇ ਪਹਿਲੇ ਸਾਲ ਵਿਚ ਹੀ ਜੂਨੀਅਰ ਡਾਕਟਰਾਂ ਵੱਲੋਂ ਇੰਗਲੈਂਡ ਤੇ ਵੇਲਜ਼ ਵਿਚ ਕੀਤੀ ਗਈ ਇਸ ਹੜਤਾਲ ਕਾਰਨ ਲੱਖਾਂ ਲੋਕਾਂ ਦੀਆਂ ਡਾਕਟਰਾਂ ਨਾਲ ਪਹਿਲਾਂ ਤੋਂ ਨਿਸ਼ਚਿਤ ਮਿਲਣੀਆਂ (ਐਪੁਆਇੰਟਮੈਂਟਸ) ਅਤੇ ਅਪਰੇਸ਼ਨ ਰੱਦ ਹੋ ਜਾਣਗੇ। ਡਾਕਟਰ ਜੋ ਕਿ ਹਸਪਤਾਲਾਂ ਅਤੇ ਕਲੀਨਿਕ ਕੇਅਰ ਦੀ ਰੀੜ੍ਹ ਦੀ ਹੱਡੀ ਹਨ, ਨੇ ਮੰਗਲਵਾਰ ਸਵੇਰੇ 7 ਵਜੇ ਤੱਕ ਆਪਣਾ ਕੰਮ ਛੱਡ ਕੇ ਹੜਤਾਲ ‘ਤੇ ਰਹਿਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ, ਕ੍ਰਿਟੀਕਲ ਕੇਅਰ ਅਤੇ ਜਣੇਪਾ ਸੇਵਾਵਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸੀਨੀਅਰ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ ਦੀ ਹੋਵੇਗੀ। ਐੱਨ. ਐੱਚ. ਐੱਸ. ਦੇ ਸੀ. ਈ. ਓ. ਜੂਲੀਅਨ ਹਾਰਟਲੇਅ ਨੇ ਕਿਹਾ ਕਿ ਇਹ ਹੜਤਾਲ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਕਿ ਸਿਹਤ ਸੇਵਾਵਾਂ ਲਈ ਸਾਲ ਦਾ ਸਭ ਤੋਂ ਔਖਾ ਸਮਾਂ ਚੱਲ ਰਿਹਾ ਹੈ। ਉਨ੍ਹਾਂ ਕਿਹਾ, ”ਕ੍ਰਿਸਮਸ ਤੇ ਨਵੇਂ ਸਾਲ ਤੋਂ ਬਾਅਦ ਇਸ ਵੇਲੇ ਜਿੱਥੇ ਫਲੂ ਚੱਲ ਰਿਹਾ ਹੈ ਉੱਥੇ ਹੀ ਕੋਵਿਡ ਦੇ ਕੇਸ ਵੀ ਵਧ ਰਹੇ ਹਨ।” ਕੋਰੋਨਾ ਵੱਲੋਂ ਲਗਾਈ ਗਈ ਢਾਹ ਤੋਂ ਉੱਭਰਨ ਲਈ ਅਜੇ ਵੀ ਜੱਦੋ-ਜਹਿਦ ਕਰ ਰਹੀਆਂ ਸਿਹਤ ਸੇਵਾਵਾਂ ਨੂੰ ਇਸ ਹੜਤਾਲ ਨੇ ਹੋਰ ਵੀ ਤੋੜ ਕੇ ਰੱਖ ਦਿੱਤਾ ਹੈ। ਨਰਸਾਂ, ਐਂਬੂਲੈਂਸਾਂ ਦੇ ਅਮਲੇ ਅਤੇ ਸੀਨੀਅਰ ਡਾਕਟਰਾਂ ਦੀ ਸਰਕਾਰ ਨਾਲ ਤਨਖਾਹਾਂ ਨੂੰ ਲੈ ਕੇ ਚੱਲਦੀ ਗੱਲਬਾਤ ਸਿਰੇ ਚੜ੍ਹ ਚੁੱਕੀ ਹੈ ਪਰ ਜੂਨੀਅਰ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੀ ਸਰਕਾਰ ਨਾਲ ਗੱਲਬਾਤ ਰੁਕ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਡਾਕਟਰ ਹੜਤਾਲ ਖ਼ਤਮ ਨਹੀਂ ਕਰਦੇ, ਉਦੋਂ ਤੱਕ ਗੱਲਬਾਤ ਨਹੀਂ ਕੀਤੀ ਜਾਵੇਗੀ। ਉੱਧਰ, ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਵਧੀਆ ਤਨਖਾਹ ਦੀ ਪੇਸ਼ਕਸ਼ ਨਹੀਂ ਹੁੰਦੀ ਉਦੋਂ ਤੱਕ ਉਹ ਗੱਲਬਾਤ ਨਹੀਂ ਕਰਨਗੇ।