ਲੰਡਨ, 21 ਮਈ (ਪੰਜਾਬ ਮੇਲ)- ਬਰਤਾਨੀਆ ਦੀ ਇੱਕ ਅਦਾਲਤ ਨੇ ਅੱਜ ਨਿਰਦੇਸ਼ ਦਿੱਤੇ ਹਨ ਕਿ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਜਾਸੂਸੀ ਦੇ ਦੋਸ਼ ਹੇਠ ਖੁਦ ਨੂੰ ਅਮਰੀਕਾ ਹਵਾਲੇ ਕਰਨ ਦੇ ਹੁਕਮਾਂ ਖ਼ਿਲਾਫ਼ ਅਪੀਲ ਕਰ ਸਕਦੇ ਹਨ। ਹਾਈ ਕੋਰਟ ਦੇ ਦੋ ਜੱਜਾਂ ਨੇ ਕਿਹਾ ਕਿ ਅਸਾਂਜ ਕੋਲ ਬਰਤਾਨੀਆ ਸਰਕਾਰ ਦੇ ਹਵਾਲਗੀ ਦੇ ਹੁਕਮਾਂ ਨੂੰ ਚੁਣੌਤੀ ਦੇਣ ਦਾ ਆਧਾਰ ਹੈ। ਹਾਈ ਕੋਰਟ ਦੇ ਇਸ ਫ਼ੈਸਲੇ ਮਗਰੋਂ ਅਸਾਂਜ ਲਈ ਅਪੀਲ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ, ਜਿਸ ਕਾਰਨ ਇਹ ਕਾਨੂੰਨੀ ਲੜਾਈ ਸਾਲਾਂ ਤੱਕ ਖਿੱਚੀ ਜਾ ਸਕਦੀ ਹੈ। ਅਸਾਂਜ ‘ਤੇ ਜਾਸੂਸੀ ਦੇ 17 ਦੋਸ਼ ਅਤੇ ਤਕਰੀਬਨ 15 ਸਾਲ ਪਹਿਲਾਂ ਉਸ ਦੀ ਵੈੱਬਸਾਈਟ ‘ਤੇ ਅਮਰੀਕੀ ਦਸਤਾਵੇਜ਼ਾਂ ਦੇ ਪ੍ਰਕਾਸ਼ਨ ਨੂੰ ਲੈ ਕੇ ਕੰਪਿਊਟਰ ਦੀ ਦੁਰਵਰਤੋਂ ਦਾ ਦੋਸ਼ ਹੈ। ਅਸਾਂਜ ਨੇ ਸੱਤ ਸਾਲ ਤੱਕ ਲੰਡਨ ‘ਚ ਇਕੁਆਡੋਰ ਦੇ ਦੂਤਾਵਾਸ ‘ਚ ਸ਼ਰਨ ਲੈਣ ਮਗਰੋਂ ਪਿਛਲੇ ਪੰਜ ਸਾਲ ਬਰਤਾਨੀਆ ਦੀ ਜੇਲ੍ਹ ‘ਚ ਬਿਤਾਏ ਹਨ।