#PUNJAB

ਬਰਗਾੜੀ ਬੇਅਦਬੀ ਮਾਮਲਾ: ਗ੍ਰਿਫ਼ਤਾਰ ਪ੍ਰਦੀਪ ਕਲੇਰ ਵੱਲੋਂ ਮੈਜਿਸਟ੍ਰੇਟ ਸਾਹਮਣੇ ਬਿਆਨ ਦਰਜ

– ਰਾਮ ਰਹੀਮ ਤੇ ਹਨੀਪ੍ਰੀਤ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ!
ਚੰਡੀਗੜ੍ਹ, 16 ਮਾਰਚ, (ਪੰਜਾਬ ਮੇਲ)- ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਭਗੌੜੇ ਪ੍ਰਦੀਪ ਕਲੇਰ ਨੂੰ ਕੁਝ ਸਮਾਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਹੁਣ ਉਸ ਵੱਲੋਂ ਵੱਡੇ ਖ਼ੁਲਾਸੇ ਹੋਏ ਹਨ। ਪ੍ਰਦੀਪ ਕਲੇਰ ਨੇ ਮੈਜੀਸਟ੍ਰੇਟ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਦੇ ਬਿਆਨਾਂ ਦੀ ਇਕ ਚਿੱਠੀ ਸਾਹਮਣੇ ਆਏ ਹਨ, ਜਿਸ ਵਿਚ ਵੱਡੇ ਖ਼ੁਲਾਸੇ ਹੋਏ ਹਨ। ਦੱਸ ਦਈਏ ਕਿ 2015 ਦੇ ਵਿਚ ਇਹ ਬੇਅਦਬੀ ਹੋਈ ਸੀ।
ਪ੍ਰਦੀਪ ਕਲੇਰ ਨੇ ਆਪਣੇ ਬਿਆਨਾਂ ਵਿਚ ਦੱਸਿਆ ਹੈ ਕਿ 1987 ਦੇ ਵਿਚ ਉਹ ਡੇਰਾ ਸੱਚਾ ਸੌਦਾ ਨਾਲ ਜੁੜਿਆ ਸੀ। 2014 ਵਿਚ ਉਸ ਨੂੰ ਪਾਲੀਟਿਕਲ ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਬਰਗਾੜੀ ਬੇਅਦਬੀ ਮਾਮਲੇ ਬਾਰੇ ਉਸ ਨੇ ਦੱਸਿਆ ਹੈ ਕਿ ਬੁਰਜ ਜਵਾਹਰ ਸਿੰਘ ਵਿਖੇ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸ ਮੌਕੇ ਉੱਥੇ ਮੌਜੂਦ ਡੇਰਾ ਪ੍ਰੇਮੀਆਂ ਨੇ ਕਥਾ ਸੁਣ ਕੇ ਪ੍ਰਭਾਵਿਤ ਹੋ ਕੇ ਰਾਮ ਰਹੀਮ ਦਾ ਲਾਕੇਟ ਗਲੇ ਵਿਚੋਂ ਉਤਾਰ ਕੇ ਸੁੱਟ ਦਿੱਤਾ ਸੀ। ਜਦੋਂ ਉਨ੍ਹਾਂ ਨੇ ਜਾ ਕੇ ਇਹ ਸਾਰੀ ਗੱਲ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਦੱਸੀ ਤਾਂ ਹਨੀਪ੍ਰੀਤ ਨੇ ਕਿਹਾ ਕਿ, ”ਤੁਸੀਂ ਉੱਥੇ ਖੜ੍ਹੇ ਕੀ ਕਰਦੇ ਸੀ, ਤੁਸੀਂ ਇੱਟ ਦਾ ਜਵਾਬ ਪੱਥਰ ਨਾਲ ਕਿਉਂ ਨਹੀਂ ਦਿੱਤਾ? ਉਨ੍ਹਾਂ ਨੇ ਰਾਮ ਰਹੀਮ ਦੀ ਬੇਅਦਬੀ ਕੀਤੀ ਹੈ।” ਇਸ ਮਗਰੋਂ ਹਨੀਪ੍ਰੀਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਕਿਹਾ। ਰਾਮ ਰਹੀਮ ਵੱਲੋਂ ਇਹ ਘਿਨੌਣਾ ਕੰਮ ਛੇਤੀ ਤੋਂ ਛੇਤੀ ਕਰਨ ਦੀ ਹਦਾਇਤ ਦਿੱਤੀ ਗਈ। ਇਸ ‘ਤੇ ਮਹਿੰਦਰਪਾਲ ਬਿੱਟੂ ਨੂੰ ਇਹ ਕੰਮ ਜਲਦੀ ਤੋਂ ਜਲਦੀ ਕਰਵਾਉਣ ਦੀ ਹਦਾਇਤ ਦਿੱਤੀ ਗਈ।