-ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਕੀਤੀ ਖੁਦਕੁਸ਼ੀ
ਬਠਿੰਡਾ/ਭਗਤਾ ਭਾਈ, 10 ਨਵੰਬਰ (ਪੰਜਾਬ ਮੇਲ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾਗੁਰੂ ‘ਚ ਅੱਜ ਸੁਵਖ਼ਤੇ ਗੋਲੀਬਾਰੀ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ। ਵਾਰਦਾਤ ਦਾ ਪਤਾ ਲੱਗਦੇ ਸਾਰ ਦਿਆਲਪੁਰਾ ਦੀ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ। ਦੋ ਵਿਅਕਤੀਆਂ ਨੂੰ ਕਤਲ ਕਰਨ ਅਤੇ 2 ਨੂੰ ਜ਼ਖ਼ਮੀ ਕਰਨ ਵਾਲੇ ਹਮਲਾਵਾਰ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਵੀ ਜਵਾਬੀ ਗੋਲੀਬਾਰੀ ਕਰਨੀ ਪਈ। ਅਖੀਰ ਹਮਲਾਵਰ ਖੁਦ ਨੂੰ ਪੁਲਿਸ ‘ਚ ਘਿਰਦਾ ਵੇਖ ਉਸ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਡੀ.ਐੱਸ.ਪੀ. ਰਾਮਪੁਰਾ ਫੂਲ ਮੋਹਿਤ ਅਗਰਵਾਲ ਨੇ ਦੱਸਿਆ ਕਿ ਘਟਨਾ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਜਾਇਆ ਗਿਆ ਹੈ। ਗੋਲੀਆਂ ਚਲਾਉਣ ਵਾਲਾ ਅਤੇ ਮਰਨ ਵਾਲੇ ਇੱਕੋ ਹੀ ਦਾਦੇ ਦੀ ਔਲਾਦ ਸਨ ਅਤੇ ਇਨ੍ਹਾਂ ਦੀ ਚਿਰੋਕਣੀ ਆਪਸੀ ਪਰਿਵਾਰਕ ਰੰਜਿਸ਼ ਸੀ। ਹਮਲਾਵਾਰ ਦਾ ਨਾਂ ਗੁਰਸ਼ਰਨ ਸਿੰਘ ਉਰਫ਼ ਸ਼ਰਨੀ (45 ਸਾਲ) ਦੱਸਿਆ ਜਾ ਰਿਹਾ ਹੈ, ਜਦੋਂ ਕਿ ਮ੍ਰਿਤਕਾਂ ਵਿਚ ਉਸ ਦਾ ਚਚੇਰਾ ਭਰਾ ਗੁਰਸ਼ਾਂਤ ਸਿੰਘ ਅਤੇ ਪਿੰਡ ਦਾ ਇੱਕ ਹੋਰ ਵਿਅਕਤੀ ਭੋਲਾ ਸਿੰਘ ਸ਼ਾਮਲ ਹੈ। ਸ਼ਰਨੀ ਦੇ ਘਰਾਂ ਦੇ ਨਜ਼ਦੀਕ ਹੀ ਉਸ ਦੇ ਚਾਚੇ ਨਰਿੰਦਰ ਸਿੰਘ ਉਰਫ਼ ਨਿੰਦੀ ਦਾ ਬਰਸੀ ਸਮਾਰੋਹ ਸੀ।
ਸਵੇਰੇ ਕਰੀਬ ਅੱਠ ਵਜੇ ਉਸ ਦੇ ਖੇਤਾਂ ਵਿਚ ਰਹਿੰਦੇ ਚਾਚੇ ਦਾ ਪੁੱਤਰ ਗੁਰਸ਼ਾਂਤ ਸਿੰਘ ਬਰਸੀ ਵਾਲੇ ਘਰ ਆਇਆ ਹੋਇਆ ਸੀ, ਜਿੱਥੇ ਗੁਰਸ਼ਰਨ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਗੁਰਸ਼ਾਂਤ ਸਿੰਘ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਭੋਲਾ ਸਿੰਘ ਨੂੰ ਵੀ ਮੁਲਜ਼ਮ ਨੇ ਗੋਲੀ ਮਾਰ ਦਿੱਤੀ, ਜਿਸ ਦੇ ਨਾਲ ਉਸ ਦੀ ਵੀ ਮੌਤ ਹੋ ਗਈ। ਭੋਲਾ ਸਿੰਘ ਬਰਸੀ ਵਾਲੇ ਘਰ ਦੁੱਧ ਲੈ ਕੇ ਆਇਆ ਹੋਇਆ ਸੀ। ਉਨ੍ਹਾਂ ਨੂੰ ਬਚਾਉਣ ਸਮੇਂ ਗ੍ਰੰਥੀ ਕੁਲਦੀਪ ਸਿੰਘ ਵੀ ਜ਼ਖ਼ਮੀ ਹੋ ਗਿਆ। ਵਾਰਦਾਤ ਕਾਰਨ ਪਿੰਡ ‘ਚ ਹਾਹਾਕਾਰ ਮੱਚ ਗਈ ਅਤੇ ਕੁਝ ਸਮੇਂ ਮਗਰੋਂ ਪੁਲਿਸ ਵੀ ਮੌਕੇ ‘ਤੇ ਅੱਪੜ ਗਈ। ਪਿੰਡ ਵਾਸੀਆਂ ਮੁਤਾਬਿਕ ਕਾਰਾ ਕਰਨ ਬਾਅਦ ਹਮਲਾਵਰ ਆਪਣੇ ਘਰ ਦੇ ਚੁਬਾਰੇ ‘ਚ ਚੜ੍ਹ ਗਿਆ, ਜਿੱਥੋਂ ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈਣ ਲਈ ਘੇਰਾਬੰਦੀ ਕਰ ਲਈ ਪਰ ਉਸ ਨੇ ਗੋਲੀਬਾਰੀ ਜਾਰੀ ਰੱਖੀ। ਪੁਲਿਸ ਵੱਲੋਂ ਵੀ ਜਵਾਬੀ ਗੋਲੀਆਂ ਚਲਾਈਆਂ ਗਈਆਂ। ਆਖ਼ਰ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਲਈ। ਮੁੱਢਲੀ ਸੂਚਨਾ ਮੁਤਾਬਕ ਪਤਾ ਲੱਗਿਆ ਹੈ ਕਿ ਹਮਲਵਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ।