#AMERICA

ਬਜ਼ੁਰਗਾਂ ਨਾਲ ਧੋਖਾਧੜੀ ਮਾਮਲੇ ‘ਚ ਭਾਰਤੀ ਵਿਦਿਆਰਥੀ ਨੂੰ 5 ਸਾਲ ਤੋਂ ਵਧ ਕੈਦ

ਸੈਕਰਾਮੈਂਟੋ, 21 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬਜ਼ੁਰਗਾਂ ਨਾਲ ਲੱਖਾਂ ਡਾਲਰਾਂ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਆਸਟਿਨ, ਟੈਕਸਾਸ ਵਿਚ ਇਕ ਭਾਰਤੀ ਵਿਦਿਆਰਥੀ ਨੂੰ 5 ਸਾਲ ਤੋਂ ਵਧ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕਿਸ਼ਨ ਰਜੇਸ਼ ਕੁਮਾਰ ਪਟੇਲ ਨੇ ਭੇਸ ਬਦਲ ਕੇ ਆਨਲਾਈਨ ਤਕਰੀਬਨ 27 ਲੱਖ ਡਾਲਰ ਦਾ ਘੁਟਾਲਾ ਕੀਤਾ। 20 ਸਾਲਾ ਪਟੇਲ ਨਵਸਾਰੀ, ਗੁਜਰਾਤ ਦਾ ਰਹਿਣਾ ਵਾਲਾ ਹੈ ਤੇ ਉਹ ਵਿਦਿਆਰਥੀ ਵੀਜ਼ੇ ‘ਤੇ ਅਮਰੀਕਾ ਆਇਆ ਸੀ। ਉਸ ਨੇ ਸਹਿ ਸਾਜ਼ਿਸ਼ਕਾਰ ਧਰੁੱਵ ਰਾਜੇਸ਼ਭਾਈ ਮੰਗੂਕਿਆ ਤੇ ਹੋਰਨਾਂ ਨਾਲ ਮਿਲ ਕੇ ਇਕ ਕੌਮਾਂਤਰੀ ਸਕੀਮ ਬਣਾਈ, ਜਿਸ ਤਹਿਤ ਉਨ੍ਹਾਂ ਨੇ ਸਰਕਾਰੀ ਅਫਸਰਾਂ ਦਾ ਭੇਸ ਧਾਰ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ। ਅਦਾਲਤੀ ਰਿਕਾਰਡ ਅਨੁਸਾਰ ਪਟੇਲ ਨੇ ਖੁਦ ਬਜ਼ੁਰਗਾਂ ਕੋਲੋਂ ਵੱਡੀਆਂ ਰਕਮਾਂ ਲਈਆਂ ਤੇ ਆਪਣਾ ਹਿੱਸਾ ਰੱਖ ਕੇ ਬਾਕੀ ਪੈਸਾ ਸਹਿ ਸਾਜ਼ਿਸ਼ਕਾਰਾਂ ਨੂੰ ਦਿੱਤਾ। ਉਸ ਨੇ ਘੱਟੋ-ਘੱਟ 25 ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ। ਪਟੇਲ ਨੂੰ 24 ਅਗਸਤ, 2024 ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਸ ਨੇ ਇਕ ਪੀੜਤ ਕੋਲੋਂ ਇਕ ਲੱਖ ਤੀਹ ਹਜ਼ਾਰ ਡਾਲਰ ਲਏ ਸਨ। ਉਸ ਨੂੰ ਸੰਘੀ ਹਿਰਾਸਤ ਵਿਚ ਲਿਆ ਗਿਆ। ਬਾਅਦ ‘ਚ ਅਦਾਲਤ ਵਿਚ ਉਸ ਨੇ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਮੰਨ ਲਿਆ ਸੀ। ਯੂ.ਐੱਸ. ਡਿਸਟ੍ਰਿਕਟ ਜੱਜ ਰਾਬਰਟ ਪਿਟਮੈਨ ਨੇ ਉਸ ਨੂੰ 63 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਕੱਟਣ ਉਪਰੰਤ ਉਸ ਨੂੰ ਵਾਪਸ ਭਾਰਤ ਭੇਜੇ ਜਾਣ ਦੀ ਵੀ ਸੰਭਾਵਨਾ ਹੈ। ਉਸ ਦਾ ਸਾਥੀ ਮੰਗੂਕਿਆ ਵੀ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਮੰਨ ਚੁੱਕਾ ਹੈ। ਉਸ ਨੂੰ ਅਜੇ ਸਜ਼ਾ ਸੁਣਾਈ ਜਾਣੀ ਹੈ।